CM ਮਾਨ ਨੇ ਪੀ.ਏ.ਯੂ. ਕਿਸਾਨ ਮੇਲੇ ਤੇ ਕਿਸਾਨਾਂ ਦਾ ਸਨਮਾਨ ਕੀਤਾ
– ਖੇਤੀ ਪੰਜਾਬ ਦੀ ਰੂਹ ਹੈ ਅਤੇ ਸਰਕਾਰ ਇਸਨੂੰ ਉੱਤਮ ਬਨਾਉਣ ਲਈ ਯਤਨਸ਼ੀਲ ਹੈ: ਭਗਵੰਤ ਮਾਨ
ਲੁਧਿਆਣਾ 15 ਸਤੰਬਰ, 2023 – ਪੀ.ਏ.ਯੂ. ਕਿਸਾਨ ਮੇਲੇ ਦੇ ਦੂਸਰੇ ਦਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੱੁਖ ਮਹਿਮਾਨ ਵਜੋਂ ਸ਼ਾਮਿਲ ਹੋਏ| ਮੁੱਖ ਮੰਤਰੀ ਨੇ ਵਿਸ਼ੇਸ਼ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਦੇ ਜੇਤੂ ਕਿਸਾਨਾਂ ਨੂੰ ਸਨਮਾਨਿਤ ਕੀਤਾ| ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ| ਨਾਲ ਹੀ ਸ਼੍ਰੀ ਕੇ ਏ ਪੀ ਸਿਨਹਾ, ਆਈ ਏ ਐੱਸ, ਮੁੱਖ ਸਕੱਤਰ ਮਾਲ ਵਿਭਾਗ ਪੰਜਾਬ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ, ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼੍ਰੀਮਤੀ ਕਿਰਨਜੋਤ ਕੌਰ ਗਿੱਲ, ਸ. ਹਰਿਦਆਲ ਸਿੰਘ ਗਜ਼ਨੀਪੁਰ ਅਤੇ ਸ. ਅਮਨਦੀਪ ਸਿੰਘ ਬਰਾੜ ਤੋਂ ਇਲਾਵਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੋਂ ਇਲਾਵਾ ਪੰਜਾਬ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਯੂਨੀਵਰਸਿਟੀ ਵਿਗਿਆਨੀ ਵੀ ਮੌਜੂਦ ਸਨ|
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਖੇਤੀ ਅਤੇ ਕਿਸਾਨੀ ਸੰਬੰਧੀ ਭਾਵੁਕ ਗੱਲਬਾਤ ਕੀਤੀ| ਉਹਨਾਂ ਕਿਹਾ ਕਿ ਪੀ.ਏ.ਯੂ. ਪੰਜਾਬ ਦੀ ਕਿਸਾਨੀ ਦੀ ਆਨ, ਬਾਨ ਅਤੇ ਸ਼ਾਨ ਹੈ ਅਤੇ ਪੀ.ਏ.ਯੂ. ਦੇ ਕਿਸਾਨ ਮੇਲੇ ਕਿਸਾਨੀ ਦੇ ਰਾਹ ਦਸੇਰੇ ਹਨ| ਉਹਨਾਂ ਬੀਤੇ ਸਮੇਂ ਵਿਚ ਮੇਲਿਆਂ ਵਿਚ ਆਉਣ ਦੇ ਤਜਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਪੀ.ਏ.ਯੂ. ਉਹਨਾਂ ਲਈ ਕੋਈ ਓਪਰੀ ਜਗ੍ਹਾ ਨਹੀਂ| ਮੁੱਖ ਮੰਤਰੀ ਨੇ ਮੌਜੂਦਾ ਖੇਤੀ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਖੇਤੀ ਦੇ ਤਰੀਕੇ ਬਦਲ ਗਏ ਹਨ| ਖੇਤੀ ਵਿਗਿਆਨਕ ਹੋਈ ਹੈ| ਬਿਜਾਈ ਅਤੇ ਸਿੰਚਾਈ ਤੋਂ ਲੈ ਕੇ ਪੌਦ ਸੁਰੱਖਿਆ ਅਤੇ ਵਢਾਈ ਦੇ ਨਵੇਂ ਤਰੀਕੇ ਸਾਹਮਣੇ ਆਏ ਹਨ ਅਤੇ ਖੇਤੀ ਵਿਚ ਬਦਲਾਅ ਮੌਜੂਦਾ ਸਮੇਂ ਦੀ ਅਹਿਮ ਲੋੜ ਹੈ| ਕਿਸਾਨਾਂ ਵੱਲੋਂ ਭਰਵੀਂ ਗਿਣਤੀ ਵਿਚ ਮੇਲੇ ਵਿਚ ਸ਼ਾਮਲ ਹੋਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਖੁਸ਼ੀ ਪ੍ਰਗਟਾਈ ਕਿ ਪਹਿਲੇ ਦਿਨ 1 ਲੱਖ 9 ਹਜ਼ਾਰ ਕਿਸਾਨਾਂ ਦੀ ਹਾਜ਼ਰੀ ਦਰਜ਼ ਹੋਈ ਹੈ| ਅੱਜ ਦੂਸਰੇ ਦਿਨ ਵੀ ਮੇਲੇ ਵਿਚ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਯੂਨੀਵਰਸਿਟੀ ਨਾਲ ਸਾਂਝ ਅਤੇ ਵਿਸ਼ਵਾਸ਼ ਦਾ ਪ੍ਰਤੀਕ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਅਤੇ ਖੇਤੀ ਦੀ ਬਿਹਤਰੀ ਲਈ ਉਹਨਾਂ ਦੀ ਸਰਕਾਰ ਲਗਾਤਾਰ ਯਤਨਸ਼ੀਲ ਹੈ| ਖੇਤੀ ਵਿਭਿੰਨਤਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ| ਨਿਰਯਾਤ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਰਸਾਇਣਾਂ ਦੀ ਵਰਤੋਂ ਨਿਸ਼ਚਿਤ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ| ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਕਰਦਿਆਂ ਪੰਜਾਬ ਦੇ ਕੁਦਰਤੀ ਸਰੋਤਾਂ ਦਾ ਘਾਣ ਹੋਇਆ ਹੈ ਜਿਨ੍ਹਾਂ ਦੀ ਮੁੜ ਸੁਰਜੀਤੀ ਲਈ ਸਰਕਾਰ ਵੱਲੋਂ ਢੁਕਵੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਦਰਿਆਈ ਪਾਣੀਆਂ ਦੀ ਵਰਤੋਂ ਵਧਾਉਣ ਲਈ ਨਹਿਰਾਂ ਅਤੇ ਖਾਲਿਆਂ ਨੂੰ ਹੋਰ ਸੁਚਾਰੂ ਬਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ, ਹਵਾ ਅਤੇ ਪਾਣੀ ਦੀ ਸੰਭਾਲ ਕਰਨ ਵਿਚ ਸਫਲ ਹੋਵਾਂਗੇ| ਉਹਨਾਂ ਨੇ ਵਢਾਈ ਤੋਂ ਬਾਅਦ ਮੁੱਲਵਾਧੇ ਅਤੇ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਕੇ ਖੇਤੀ ਨੂੰ ਨਵੀਂ ਦਿਸ਼ਾ ਵਿਚ ਤੋਰਨ ਦੇ ਸੰਕੇਤ ਦਿੱਤੇ|
ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਖੇਤੀਬਾੜੀ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਯਾਦ ਚਿੰਨ੍ਹ ਭੇਂਟ ਕੀਤੇ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਦੱਸਿਆ ਕਿ ਪੀ.ਏ.ਯੂ. ਨੂੰ ਨਿਫ ਰੇਟਿੰਗ ਅਨੁਸਾਰ ਦੇਸ਼ ਦੀਆਂ 63 ਯੂਨੀਵਰਸਿਟੀਆਂ ਵਿਚੋਂ ਸਰਵੋਤਮ ਐਲਾਨਿਆ ਗਿਆ ਹੈ ਅਤੇ ਇਸਦਾ ਸਿਹਰਾ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਸਾਂਝ ਅਤੇ ਮਿਹਨਤ ਦੇ ਸਿਰ ਬੱਝਦਾ ਹੈ| ਉਹਨਾਂ ਕਿਹਾ ਕਿ ਪੰਜਾਬ ਦੇਸ਼ ਦੇ ਕਾਸ਼ਤ ਯੋਗ ਡੇਢ ਫੀਸਦੀ ਰਕਬੇ ਦੇ ਬਾਵਜੂਦ ਦੇਸ਼ ਦੇ ਅੰਨ-ਭੰਡਾਰ ਵਿਚ ਸਭ ਤੋਂ ਵਧੇਰੇ ਕਣਕ ਦਾ ਯੋਗਦਾਨ ਪਾ ਰਿਹਾ ਹੈ| ਉਹਨਾਂ ਨੇ ਵਾਤਾਵਰਨ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਤਕਨੀਕਾਂ ਬਾਰੇ ਗੱਲ ਕਰਦਿਆ ਕਿਹਾ ਇਸ ਸੰਬੰਧ ਵਿਚ ਵਿਸ਼ਵ ਬੈਂਕ ਦੀ ਇਮਦਾਦ ਨਾਲ ਹੋਰ ਖੋਜ ਕੀਤੀ ਜਾਵੇਗੀ| ਡਾ. ਗੋਸਲ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਯਤਨਾਂ ਨਾਲ ਪੀ.ਏ.ਯੂ. ਵਿਚ ਸਰਕਾਰ-ਕਿਸਾਨ ਮਿਲਣੀਆਂ ਕਰਵਾਈਆਂ ਗਈਆਂ ਅਤੇ ਕਿਸਾਨਾਂ ਤੋਂ ਮਿਲੀਆਂ ਰਾਵਾਂ ਅਤੇ ਸੁਝਾਵਾਂ ਦੇ ਅਧਾਰ ਤੇ ਪਹਿਲੀ ਵਾਰ ਸੂਬੇ ਦੀ ਖੇਤੀ ਨੀਤੀ ਲਾਗੂ ਹੋਣ ਜਾ ਰਹੀ ਹੈ| ਉਹਨਾਂ ਦੱਸਿਆ ਕਿ ਸਰਕਾਰ ਦੀਆਂ ਸੰਜੀਦਾ ਕੋਸ਼ਿਸ਼ਾਂ ਸਦਕਾ ਫਰੀਦਕੋਟ ਦੇ ਬੀੜ ਸਿੱਖਾਂਵਾਲਾ ਬੀਜ ਫਾਰਮ ਨੂੰ ਮੁੜ ਪੀ.ਏ.ਯੂ. ਨੂੰ ਸੌਂਪ ਦਿੱਤਾ ਗਿਆ ਹੈ| ਇਸ ਸਦਕਾ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲਣ ਦੀ ਆਸ ਹੈ|
ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੀ ਕਿਸਾਨੀ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਜੇਤੂ ਕਿਸਾਨਾਂ ਨੂੰ ਸਨਮਾਨਿਤ ਕੀਤਾ| ਇਹਨਾਂ ਵਿਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁੱਕਣ ਵਿਖੇ ਨਗਰ ਦੇ ਸ. ਪਰਮਜੀਤ ਸਿੰਘ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ ਦੇ ਧਨੇਠਾ ਪਿੰਡ ਦੇ ਸ. ਅੰਮ੍ਰਿਤ ਸਿੰਘ ਨੂੰ ਸ. ਉਜਾਗਰ ਸਿੰਘ ਧਾਲੀਵਾਲ ਪੁਰਸਕਾਰ, ਜ਼ਿਲ੍ਹਾ ਪਟਿਆਲਾ ਦੇ ਪਿੰਡ ਦਿਤੂਪੁਰ ਦੇ ਸ. ਨਰਿੰਦਰ ਸਿੰਘ ਟਿਵਾਣਾ ਨੂੰ ਸ. ਦਲੀਪ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ| ਇਸ ਦੇ ਨਾਲ ਹੀ ਜ਼ਿਲ੍ਹਾ ਮਾਨਸਾ ਦੇ ਪਿੰਡ ਮੌਜੋ ਖੁਰਦ ਦੇ ਅਗਾਂਹਵਧੂ ਕਿਸਾਨ ਸ. ਸੁਖਪਾਲ ਸਿੰਘ ਨੂੰ ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਅਤੇ ਜ਼ਿਲ੍ਹਾ ਮੋਗਾ ਦੇ ਪਿੰਡ ਝੰਡੇਵਾਲਾ ਦੀ ਕਿਸਾਨ ਬੀਬੀ ਗੁਰਬੀਰ ਕੌਰ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਪੁਰਸਕਾਰ ਪ੍ਰਦਾਨ ਕੀਤੇ ਗਏ| ਇਸ ਵਾਰ ਦਾ ਭਾਈ ਬਾਬੂ ਸਿੰਘ ਬਰਾੜ ਬੈਸਟ ਛੱਪੜ ਐਵਾਰਡ ਮੁੱਖ ਮੰਤਰੀ ਦੇ ਕਰ-ਕਮਲਾਂ ਨਾਲ ਪਿੰਡ ਕਲ੍ਹਾ ਬਲਾਕ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਦੇ ਹਿੱਸੇ ਆਇਆ|
ਅੰਤ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਸਾਨ ਮੇਲੇ ਵਿਚ ਹਿੱਸਾ ਲੈ ਰਹੇ ਪਤਵੰਤਿਆਂ, ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ| ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰੀਤ ਵਿਰਕ ਨੇ ਕੀਤਾ|