ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਦਾ ਮਾਮਲਾ ਭਖ਼ਿਆ

1.ਜਸ਼ਨਦੀਪ ਦੇ ਪਿਤਾ ਨੇ ਪ੍ਰੋਫੈਸਰ ਸੁਰਜੀਤ ਵਿਰੁੱਧ ਪਰਚਾ ਦਰਜ ਕਰਨ ਦੀ ਸ਼ਕਾਇਤ ਕੀਤੀ

2.ਪ੍ਰੋਫੈਸਰ ਸੁਰਜੀਤ ਸਿੰਘ ਹਮਲੇ ‘ਚ ਹੋਇਆ ਜਖਮੀ ਤੇ ਹਸਪਤਾਲ ਭਰਤੀ

3. ਹਮਲੇ ਦੇ ਦੋਸ਼ ਅਧੀਨ ਤਿੰਨ ਵਿਦਿਆਰਥੀਆਂ ਤੇ ਪੁਲਿਸ ਨੇ ਪਰਚਾ ਦਰਜ ਕੀਤਾ

5.ਵੀਸੀ ਨੇ ਪ੍ਰੋਫੈਸਰ ਸੁਰਜੀਤ ਵਿਰੁੱਧ ਜਾਂਚ ਕਰਾਉਣ ਦਾ ਐਲਾਨ ਕੀਤਾ

ਪਟਿਆਲਾ:- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਵਿਦਿਆਰਥਣ ਜਸ਼ਨਦੀਪ ਕੌਰ ਜਟਾਣਾ ਦੀ ਮੌਤ ਦੇ ਮਾਮਲੇ ਚ ਵਿਦਿਆਰਥੀ ,ਮਾਪੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਆਹਮੋ ਸਾਮਹਣੇ ਹੋ ਗਏ ਹਨ | ਦੱਸਣਯੋਗ ਹੈ ਕਿ 13 ਸਤੰਬਰ ਨੂੰ ਜਸ਼ਨਦੀਪ ਦੀ ਕਲਾਸ ਰੂਮ ’ਚ ਹੀ ਤਬੀਅਤ ਖਰਾਬ ਹੋਣ ਕਾਰਨ ਡਿਸਪੈਂਸਰੀ ’ਚ ਦਾਖ਼ਲ ਕਰਵਾਇਆ ਗਿਆ ਸੀ। ਪਰ ਉਥੋਂ ਮਾਪੇ ਉਸ ਨੂੰ ਆਪਣੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਸਥਿਤ ਘਰ ਲੈ ਗਏ ਸਨ, ਜਿਥੇ ਉਸ ਦੀ ਮੌਤ ਹੋ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੀ ਮੌਤ ਪ੍ਰੋ. ਸੁਰਜੀਤ ਸਿੰਘ ਵੱਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਕਰਕੇ ਹੋਈ ਹੈ। ਇਸ ਕਾਰਨ ਹੀ ਕੱਲ੍ਹ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਭੀੜ ਨੇ ਅਧਿਆਪਕ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਸੀ, ਜੋ ਕਿ ਜ਼ੇਰੇ ਇਲਾਜ ਹੈ।

ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥਣ ਦੀ ਮੌਤ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਸਖਤ ਸਟੈਂਡ

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਫੇਸਬੁੱਕ ਉੱਪਰ ਲਾਈਵ ਹੋ ਕੇ ਕਿਹਾ ਹੈ ਕਿ ਸਾਡੇ ਵਿਦਿਅਕ ਅਦਾਰਿਆਂ ਵਿੱਚ ਨਿਰੋਲ ਨਾਸਤਿਕ ਬਿਰਤੀ ਦੇ ਲੋਕਾਂ ਦੀ ਘੁਸਪੈਠ ਹੋ ਗਈ ਹੈ। ਇਸ ਕਾਰਨ ਸਾਡੀਆਂ ਸ਼ਾਨਮੱਤੀ ਪ੍ਰੰਪਰਾਵਾਂ ਦਾ ਘਾਣ ਤੇ ਰਿਸ਼ਤਿਆਂ ਦੀ ਪਵਿੱਤਰਤਾ ਦਾ ਖਾਤਮਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਕਥਿਤ ਪ੍ਰੋਫੈਸਰ ਵੱਲੋਂ ਬੋਲੇ ਲਫਜਾਂ ਨਾਲ ਬੇਪਰਦ ਕੀਤੀ ਲੜਕੀ ਦੀ ਮੌਤ ਵਿਦਿਅਕ ਅਦਾਰਿਆਂ ‘ਤੇ ਸੁਆਲੀਆ ਚਿੰਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੋਸ਼ੀ ਅਧਿਆਪਕ ਵਿਰੁੱਧ ਕਾਰਵਾਈ ਕਰੇ।ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਇੱਕ ਵਿਦਿਆਰਥਣ ਦੀ ਬਿਮਾਰੀ ਕਾਰਨ ਹੋਈ ਮੌਤ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ।

ਮ੍ਰਿਤਕ ਜਸ਼ਨਦੀਪ ਕੌਰ ਦੇ ਪਿਤਾ ਨੇ ਪ੍ਰੋਫੈਸਰ ਸੁਰਜੀਤ ਵਿਰੁੱਧ ਕਤਲ ਦਾ ਪਰਚ ਦਰਜ ਕਰਨ ਲਈ ਸ਼ਕਾਇਤ ਦਰਜ ਕਰਾਈ

ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਵੀਸੀ ਦਫ਼ਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਵਿਦਿਆਰਥੀ ਦੇ ਪਿਤਾ ਹਰਚਰਨ ਸਿੰਘ ਨੇ ਪਹੁੰਚ ਕੇ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਆਪਣੀ ਧੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਕਿ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ। ਨਾਲ ਹੀ ਪੀਯੂ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵੀਰਵਾਰ ਦੀ ਘਟਨਾ ਨੂੰ ਲੈ ਕੇ ਯੂਨੀਵਰਸਿਟੀ ਦੇ ਕਿਸੇ ਵੀ ਵਿਦਿਆਰਥੀ ਵਿਰੁੱਧ ਕੋਈ ਕੇਸ ਦਰਜ ਨਾ ਕੀਤਾ ਜਾਵੇ। ਉਨ੍ਹਾਂ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਧਰਨੇ ਨੂੰ ਸੰਬੋਧਨ ਕਰਦਿਆਂ ਮ੍ਰਿਤਕਾ ਦੇ ਪਿੰਡ ਦੇ ਇੱੱਕ ਮੋਹਤਬਰ ਨੇ ਵਿਦਿਆਰਥਣ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਉਸ ਦੇ ਭਰਾ ਨੂੰ ਨੌਕਰੀ ਦੇਣ ਦੀ ਮੰਗ ਕੀਤੀ। ਇਨਸਾਫ਼ ਨਾ ਮਿਲਣ ’ਤੇ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਸੰਘਰਸ਼ ਦਾ ਅਖਾੜਾ ਬਣਾਉਣ ਦੀ ਚਿਤਾਵਨੀ ਵੀ ਦਿੱਤੀ।

ਵੀਸੀ ਨੇ ਪ੍ਰੋਫੈਸਰ ਸੁਰਜੀਤ ਵਿਰੁੱਧ ਜਾਂਚ ਕਰਾਉਣ ਦਾ ਐਲਾਨ ਕੀਤਾ

ਮਾਮਲਾ ਗੰਭੀਰ ਹੁੰਦਾ ਦੇਖ ਕੇ ਵੀਸੀ ਪ੍ਰੋਫੈਸਰ ਅਰਵਿੰਦ ਤੁਰੰਤ ਧਰਨੇ ਵਾਲੀ ਥਾਂ ’ਤੇ ਪੁੱਜੇ ਅਤੇ ਵਿਦਿਆਰਥੀਆਂ ਵੱਲੋਂ ਪ੍ਰੋਫੈਸਰ ਖ਼ਿਲਾਫ਼ ਕੀਤੀਆਂ ਸ਼ਿਕਾਇਤਾਂ ਨੂੰ ਲਿਖਤੀ ਰੂਪ ਵਿੱਚ ਦੂਰ ਕਰਵਾਇਆ। ਵੀਸੀ ਨੇ ਐਲਾਨ ਕੀਤਾ ਕਿ ਕਮੇਟੀ ਬਣਾ ਕੇ ਇਨ੍ਹਾਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ। ਕਮੇਟੀ ਮੰਗਲਵਾਰ ਸ਼ਾਮ ਤੱਕ ਆਪਣੀ ਰਿਪੋਰਟ ਸੌਂਪੇਗੀ। ਜੇਕਰ ਰਿਪੋਰਟ ਵਿੱਚ ਪ੍ਰੋਫੈਸਰ ਸੁਰਜੀਤ ਸਿੰਘ ’ਤੇ ਲਾਏ ਜਾ ਰਹੇ ਦੋਸ਼ ਸਾਬਤ ਹੁੰਦੇ ਹਨ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਪ੍ਰੋਫੈਸਰ ਦੀ ਕੁੱਟਮਾਰ ਦਾ ਮਾਮਲਾ ਪੁਲਿਸ ਦੇ ਹੱਥ : ਵੀ.ਸੀ

ਇਸ ਮੌਕੇ ਵੀਸੀ ਨੇ ਸਪੱਸ਼ਟ ਕੀਤਾ ਕਿ ਪ੍ਰੋਫੈਸਰ ਸੁਰਜੀਤ ਸਿੰਘ ਦੀ ਕੁੱਟਮਾਰ ਦਾ ਮਾਮਲਾ ਹੁਣ ਪੁਲੀਸ ਦੇ ਹੱਥ ਹੈ। ਇਸ ਲਈ ਉਹ ਵਿਦਿਆਰਥੀਆਂ ਵਿਰੁੱਧ ਪਰਚੇ ਨਾ ਭਰਨ ਸਬੰਧੀ ਆਪਣੇ ਪੱਧਰ ’ਤੇ ਕੋਈ ਫੈਸਲਾ ਨਹੀਂ ਲੈ ਸਕਦੇ। ਪੁਲੀਸ ਨਾਲ ਗੱਲ ਕਰਕੇ ਹੀ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਹਨ। ਇਸ ਮੌਕੇ ਵੀਸੀ ਨੇ ਸਮੂਹ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਧਰਨਾ ਖਤਮ ਕਰਕੇ ਕਲਾਸਾਂ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵੀਸੀ ਨੇ ਮੰਨਿਆ ਕਿ ਉਨ੍ਹਾਂ ਦੇ ਇੱਕ ਸਾਥੀ ਦੀ ਅਚਾਨਕ ਹੋਈ ਮੌਤ ਬਹੁਤ ਦੁਖਦਾਈ ਹੈ।

ਪ੍ਰੋਫੈਸਰ ਦੀ ਕੁੱਟਮਾਰ ਦੇ ਦੋਸ਼ ਚ ਤਿੰਨ ਵਿਦਿਆਰਥੀਆਂ ਵਿਰੁੱਧ By name FIR ਦਰਜ:-

ਪ੍ਰੋਫੈਸਰ ਸੁਰਜੀਤ ਦੀ ਕੁੱਟਮਾਰ ਦੇ ਦੋਸ਼ ਚ ਤਿੰਨ ਵਿਦਿਆਰਥੀਆਂ ਵਿਰੁੱਧ FIR ਦਰਜ ਕੀਤੀ ਗਈ ਹੈ ਜਿਨ੍ਹਾਂ ਵਿੱਚ ਯਾਦਵਿੰਦਰ ਸਿੰਘ ਉਰਫ ਯਾਦੂ ਜੋ ਇੱਕ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਹੈ,ਮਨਵਿੰਦਰ ਸਿੰਘ ਵੜੈਚ ਅਤੇ ਗੈਵੀ ਸ਼ਾਮਲ ਹਨ । ਇਨ੍ਹਾਂ ਵਿਦਿਆਰਥੀਆਂ ਵਿਰੁੱਧ By name IPC 1860 ਅਧੀਨ ਧਾਰਾ 341,308,323,147,149 ਅਧੀਨ FIR No-0108 ਮਿਤੀ 15-9-2023 ਨੂੰ ਪੁਲਿਸ ਥਾਣਾ ਅਰਬਨ ਅਸਟੇਟ ਪਟਿਆਲਾ ਚ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਸੁਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ਉੱਤੇ ਦਰਜ ਕੀਤਾ ਗਿਆ ਹੈ।

ਕੀ ਕਹਿਣਾ ਹੈ SHO ਅਰਬਨ ਅਸਟੇਟ ਦਾ ?:-

ਪ੍ਰੋਫੈਸਰ ਸੁਰਜੀਤ ਦੀ ਕੁੱਟਮਾਰ ਮਾਮਲੇ ਨਾਲ ਸਬੰਧਤ ਅਰਬਨ ਅਸਟੇਟ ਥਾਣੇ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਵੀਰਵਾਰ ਨੂੰਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਦੀ ਮੌਤ ਤੋਂ ਬਾਅਦ ਜੋ ਵੀ ਹੋਇਆ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਪੀਯੂ ਪ੍ਰਸ਼ਾਸਨ ਜਾਂ ਵਿਦਿਆਰਥੀਆਂ ਵੱਲੋਂ ਦਿੱਤੇ ਸਬੂਤਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

ਕੀ ਕਹਿਣਾ ਹੈ ਮ੍ਰਿਤਕ ਧੀ ਦਾ ਪਿਤਾ ਹਰਚਰਨ ਸਿੰਘ ਦਾ ?:-

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੇ ਪਿਤਾ ਹਰਚਰਨ ਸਿੰਘ ਵਾਸੀ ਬਠਿੰਡਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਅਕਸਰ ਸ਼ਿਕਾਇਤ ਕਰਦੀ ਸੀ ਕਿ ਪ੍ਰੋਫੈਸਰ ਸੁਰਜੀਤ ਸਿੰਘ ਦਾ ਰਵੱਈਆ ਠੀਕ ਨਹੀਂ ਹੈ। ਅਕਸਰ ਗਲਤ ਤਰੀਕੇ ਨਾਲ ਬੋਲਦੇ ਹਨ। ਮਰਨ ਤੋਂ ਪਹਿਲਾਂ ਬੇਟੀ ਨੇ ਪ੍ਰੋਫੈਸਰ ਨੂੰ ਤਿੰਨ ਦਿਨ ਦੀ ਛੁੱਟੀ ਮੰਗੀ ਸੀ ਤਾਂ ਜੋ ਉਹ ਘਰ ਜਾ ਕੇ ਦਵਾਈ ਲੈ ਸਕੇ ਪਰ ਪ੍ਰੋਫੈਸਰ ਨੇ ਨਹੀਂ ਦਿੱਤੀ। ਪਿਤਾ ਨੇ ਦੱਸਿਆ ਕਿ ਉਹ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਸੀ,ਉਹ ਚਾਹੁੰਦਾ ਸੀ ਕਿ ਉਸ ਦੀ ਬੇਟੀ ਚੰਗੀ ਸਿੱਖਿਆ ਹਾਸਲ ਕਰਕੇ ਉੱਚ ਅਹੁਦੇ ‘ਤੇ ਪਹੁੰਚੇ

ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥਣ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਅਤੇ ਯੂਨੀਵਰਸਿਟੀ ਦੇ ਫੇਸਬੁੱਕ ਪੇਜ਼ ਉੱਤੇ ਲਿਖਿਆ ਸਮੂਹ ਯੂਨੀਵਰਸਿਟੀ ਬਿਰਾਦਰੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੈ।

ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵਿਦਿਆਰਥੀਆਂ ਦੇ ਹੱਕ ‘ਚ ਅੱਗੇ ਆਇਆ

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਨੂੰ ਸਮਰਥਨ ਦੇਣ ਲਈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨ ਜੀਤ ਸਿੰਘ ਮਾਨ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚ ਰਹੇ ਹਨ | ਜਾਣਕਾਰੀ ਅਨੁਸਾਰ ਵਿਦਿਆਰਥੀਆਂ ਵੱਲੋਂ ਇੱਕ ਪ੍ਰੋਗਰਾਮ ਸੋਮਵਾਰ ਦਾ ਦਿੱਤਾ ਜਾ ਰਿਹਾ ਹੈ ਜਿਸ ਵਿਚ ਇਲਾਕੇ ਦੀਆਂ ਪੰਚਾਇਤਾ ਅਤੇ ਜਥੇਬੰਦੀਆਂ ਸਮੂਹਕ ਤੌਰ ਤੇ ਯੂਨੀਵਰਸਿਟੀ ਦੇ ਗੇਟ ਅੱਗੇ ਇਕੱਠੇ ਹੋਣਗੇ ਅਤੇ ਗੇਟ ਬੰਦ ਕਰਦੇ ਹੋਏ ਪੱਕਾ ਇਨਸਾਫ਼ ਮੋਰਚਾ ਲਗਾਉਣਗੇ

ਪ੍ਰੋਫੈਸਰ ਸੁਰਜੀਤ ਦੀ ਕਿਉਂ ਹੋਈ ਕੁੱਟਮਾਰ ?

ਵੀਰਵਾਰ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਹੰਗਾਮਾ ਹੋਇਆ। ਵਿਦਿਆਰਥੀ ਦੀ ਮੌਤ ਤੋਂ ਗੁੱਸੇ ‘ਚ ਆਏ ਵਿਦਿਆਰਥੀਆਂ ਨੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਘੇਰ ਕੇ ਕੁੱਟਮਾਰ ਕੀਤੀ। ਇਸ ਦੌਰਾਨ ਸੂਚਨਾ ਮਿਲਣ ’ਤੇ ਪੁੱਜੀ ਪੁਲੀਸ ਨਾਲ ਵੀ ਵਿਦਿਆਰਥੀਆਂ ਦੀ ਝੜਪ ਹੋ ਗਈ। ਪ੍ਰੋਫੈਸਰ ‘ਤੇ ਵਿਦਿਆਰਥੀ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਵਿਦਿਆਰਥੀਆਂ ਅਨੁਸਾਰ ਪ੍ਰੋਫੈਸਰ ਸੁਰਜੀਤ ਸਿੰਘ ਨੇ ਪੁੱਛਣ ‘ਤੇ ਵੀ ਬਿਮਾਰ ਹੋਣ ਕਾਰਨ ਵਿਦਿਆਰਥਣ ਨੂੰ ਛੁੱਟੀ ਨਹੀਂ ਦਿੱਤੀ ਅਤੇ ਉਪਰੋਂ ਉਸ ਨੂੰ ਝਿੜਕਿਆ। ਇਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।

ਮ੍ਰਿਤਕ ਵਿਦਿਆਰਥਣ ਦੀ ਪਛਾਣ ਜਸ਼ਨਪ੍ਰੀਤ ਕੌਰ (18) ਵਜੋਂ ਹੋਈ ਹੈ, ਜੋ ਬਠਿੰਡਾ ਦੇ ਪਿੰਡ ਚਾਉਕੇ ਦੀ ਰਹਿਣ ਵਾਲੀ ਸੀ। ਉਹ ਪੀਯੂ, ਪਟਿਆਲਾ ਵਿਖੇ ਪੰਜ ਸਾਲਾ ਕੋਰਸ ਦੀ ਪਹਿਲੇ ਸਾਲ ਦੀ ਵਿਦਿਆਰਥਣ ਸੀ। ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਕਰੀਬ 9 ਵਜੇ ਉਨ੍ਹਾਂ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਯੂਨੀਵਰਸਿਟੀ ਦੇ ਸਿਹਤ ਕੇਂਦਰ ਲਿਜਾਇਆ ਗਿਆ। ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਦੁਪਹਿਰ ਕਰੀਬ 12 ਵਜੇ ਵਿਦਿਆਰਥੀ ਦਾ ਪਰਿਵਾਰ ਬਠਿੰਡਾ ਤੋਂ ਆਇਆ ਅਤੇ ਉਸ ਨੂੰ ਆਪਣੇ ਨਾਲ ਲੈ ਗਿਆ। ਪਰ ਬੁੱਧਵਾਰ ਦੁਪਹਿਰ ਕਰੀਬ 2.30 ਵਜੇ ਬਠਿੰਡਾ ਵਿਖੇ ਉਸ ਦੀ ਮੌਤ ਹੋ ਗਈ। ਸਵੇਰੇ ਜਿਉਂ ਹੀ ਵਿਦਿਆਰਥੀਆਂ ਨੂੰ ਜਸ਼ਨਪ੍ਰੀਤ ਕੌਰ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਭੜਕ ਉੱਠੇ। ਵਿਦਿਆਰਥੀਆਂ ਨੇ ਇਕੱਠੇ ਹੋ ਕੇ ਵੀਸੀ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ।

ਪ੍ਰੋਫੈਸਰ ਸੁਰਜੀਤ ਸਿੰਘ ਦਾ ਰਵੱਈਆ ਠੀਕ ਨਹੀਂ ਸੀ: ਵਿਦਿਆਰਥੀ

ਇਸ ਮੌਕੇ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰੋਫੈਸਰ ਸੁਰਜੀਤ ਸਿੰਘ ਦਾ ਰਵੱਈਆ ਵਿਦਿਆਰਥੀਆਂ ਨਾਲ ਚੰਗਾ ਨਹੀਂ ਸੀ। ਉਹ ਵਿਦਿਆਰਥੀਆਂ ਨੂੰ ਗਾਲ੍ਹਾਂ ਵੀ ਕੱਢਦਾ ਸੀ।

ਵਿਦਿਆਰਥਣ ਜਸ਼ਨਪ੍ਰੀਤ ਕੌਰ ਬਿਮਾਰ ਰਹੀ। ਜਦੋਂ ਉਸ ਨੇ ਛੁੱਟੀ ਮੰਗੀ ਤਾਂ ਉਸ ਨੂੰ ਵੀ ਝਿੜਕਿਆ ਗਿਆ। ਇਸ ਕਾਰਨ ਉਸ ਦੀ ਸਿਹਤ ਵਿਗੜ ਗਈ।

ਵਿਦਿਆਰਥੀ ਨੂੰ ਛੁੱਟੀ ਨਾ ਦੇਣ ਦੇ ਦੋਸ਼ ਬੇਬੁਨਿਆਦ : ਦਲਜੀਤ ਅਮੀ

ਦੂਜੇ ਪਾਸੇ ਪੀਯੂ ਦੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਦਲਜੀਤ ਅਮੀ ਨੇ ਕਿਹਾ ਕਿ ਪ੍ਰੋਫੈਸਰ ‘ਤੇ ਹਮਲਾ ਸ਼ਰਮਨਾਕ ਘਟਨਾ ਹੈ। ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਅਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਡਾਇਰੈਕਟਰ ਲੋਕ ਸੰਪਰਕ ਦਲਜੀਤ ਅਮੀ ਨੇ ਦੱਸਿਆ ਕਿ ਜ਼ਖ਼ਮੀ ਪ੍ਰੋਫੈਸਰ ਹਸਪਤਾਲ ਵਿੱਚ ਦਾਖ਼ਲ ਹੈ। ਉਸ ਦੇ ਸਿਰ ‘ਤੇ ਸੱਟ ਲੱਗੀ ਹੈ। ਉਨ੍ਹਾਂ ਪ੍ਰੋਫੈਸਰ ਸੁਰਜੀਤ ਸਿੰਘ ’ਤੇ ਵਿਦਿਆਰਥੀ ਨੂੰ ਛੁੱਟੀ ਨਾ ਦੇਣ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਵਿਦਿਆਰਥੀ ਨੂੰ ਇਲਾਜ ਲਈ ਕਈ ਵਾਰ ਛੁੱਟੀ ਦਿੱਤੀ ਗਈ। ਜਸ਼ਨਪ੍ਰੀਤ ਕੌਰ ਨੂੰ ਅਸਥਮਾ ਸੀ। ਇਸ ਤੋਂ ਪਹਿਲਾਂ ਉਸਨੇ ਸਾਲ 2021 ਵਿੱਚ ਪੀਯੂ ਵਿੱਚ ਦਾਖਲਾ ਲਿਆ ਸੀ, ਪਰ ਬਿਮਾਰੀ ਕਾਰਨ ਉਸ ਨੇ ਕੋਰਸ ਅੱਧ ਵਿਚਾਲੇ ਹੀ ਛੱਡ ਦਿੱਤਾ। ਦੋ ਸਾਲਾਂ ਬਾਅਦ ਜਸ਼ਨਪ੍ਰੀਤ ਕੌਰ ਨੇ ਮੁੜ ਪੀਯੂ ਵਿੱਚ ਦਾਖ਼ਲਾ ਲੈ ਲਿਆ ਸੀ।

Spread the love