ਬੁਢਲਾਡਾ ਪੁਲਿਸ ਨੇ ਨਸ਼ਾ ਤਸਕਰ ਦੀ 56 ਲੱਖ ਦੀ ਜਾਇਦਾਦ ਅਤੇ ਬੈਂਕ ਖਾਤੇ ਕੀਤੇ ਸੀਲ

ਬੁਢਲਾਡਾ 16 ਸਤੰਬਰ:- ਨਸ਼ਾ ਤਸਕਰਾਂ ਵਿਰੁੱਧ ਆਰੰਭੀ ਮੁਹਿੰਮ ਅਧੀਨ ਬੁਢਲਾਡਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਥਾਨਕ ਸ਼ਹਿਰ ‘ਚ ਰਹਿੰਦੇ ਇੱਕ ਨਸ਼ਾ ਤਸਕਰ ਦੀ 56 ਲੱਖ ਰੁਪਏ ਦੀ ਜਾਇਦਾਦ,ਬੈਂਕ ਖਾਤੇ ਅਤੇ ਵਹੀਕਲਾਂ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ। ਡੀ.ਐਸ.ਪੀ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸੁਖਪਾਲ ਸਿੰਘ ਪੁੱਤਰ ਹਾਕਮ ਸਿੰਘ ਪਿੰਡ ਗੰਢੂ ਕਲਾਂ ਹਾਲ ਆਬਾਦ ਵਾਰਡ ਨੰ. 4 ਦੇ ਘਰ ‘ਤੇ ਅੰਡਰ ਸ਼ੈਕਸ਼ਨ 68 ਐਫ.—2 ਨਾਰਕੋਟਿਕ ਡਰੱਗਜ ਐਕਟ 1985 ਅਧੀਨ ਕਾਰਵਾਈ ਕਰਦਿਆਂ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਸੁਖਪਾਲ ਸਿੰਘ ਹੁਣ ਆਪਣੀ ਕੋਈ ਵੀ ਜਾਇਦਾਦ, ਵਹੀਕਲ ਨਹੀਂ ਵੇਚ ਸਕਦਾ ਅਤੇ ਨਾ ਹੀ ਕਿਸੇ ਬੈਂਕ ਰਾਹੀਂ ਲੈਣ ਦੇਣ ਨਹੀਂ ਕਰ ਸਕਦਾ। ਜਿਸ ਵਿਅਕਤੀ ਦੀ ਜਾਇਦਾਦ ਸੀਲ ਕੀਤੀ ਗਈ ਹੈ ਉਸ ਵਿਰੁੱਧ 1992 ਤੋਂ ਲੈਕੇ 2019 ਤੱਕ ਸੰਗਰੂਰ,ਭੀਖੀ,ਫਤਿਆਬਾਦ,ਮਾਨਸਾ,ਭਵਾਨੀਗੜ੍ਹ ਅਤੇ ਬੁਢਲਾਡਾ

ਥਾਣਿਆਂ ਚ ਐਨਡੀਪੀਐਸ ਐਕਟ ਅਧੀਨ ਭੁੱਕੀ ਚੂਰਾ ਪੋਸਤ ਵੇਚਣ ਦੇ ਅੱਧੀ ਦਰਜਨ ਮੁਕੱਦਮੇ ਦਰਜ ਹਨ। ਡੀਐਸਪੀ ਮਨਜੀਤ ਸਿੰਘ ਨੇ ਕਿਹਾ ਕਿ ਜਿਲ੍ਹਾ ਮਾਨਸਾ ਨੂੰ ਨਸ਼ਾ ਮੁਕਤ ਬਨਾਉਣ ਲਈ ਐਸ.ਐਸ.ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਖਿਲਾਫ ਨਕੇਲ ਕਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਪੁਲਿਸ ਵਿਭਾਗ ਵੱਲੋਂ ਹੋਰ ਕੁੱਝ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਲਈ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ ਤਾਂ ਜੋ ਇਨ੍ਹਾਂ ਵਿਰੁੱਧ ਜਲਦੀ ਕਾਰਵਾਈ ਹੋ ਸਕੇ। ਡੀਐਸਪੀ ਨੇ ਦੱਸਿਆ ਪੁਲਿਸ ਨੇ ਇਹ ਕਾਰਵਾਈ ਨਾਰਕੋਟਿਕ ਸੈਲ ਵੱਲੋਂ ਨਸ਼ਾ ਤਸੱਕਰਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ। ਇਸ ਮੌਕੇ ਐਸ.ਐਚ.ਓ. ਸਿਟੀ ਭੁਪਿੰਦਰਜੀਤ ਸਿੰਘ, ਏ.ਐਸ.ਆਈ. ਸ਼ਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਹਾਜਰ ਸਨ।

ਫੋਟੋ : ਬੁਢਲਾਡਾ — ਨਸ਼ਾ ਤਸਕਰ ਦੇ ਘਰ ਬਾਹਰ ਸੀਲ ਦਾ ਨੋਟਿਸ ਚਿਪਕਾਉਂਦੇ ਹੋਏ ਪੁਲਿਸ ਅਧਿਕਾਰੀ।

Spread the love