ਜਲੰਧਰ ਦਾ ਨੌਜਵਾਨ ਝਰਨੇ ਦੇ ਪਾਣੀ ’ਚ ਰੁੜ੍ਹਿਆ

ਜਲੰਧਰ: ਹਿਮਾਚਲ ਪ੍ਰਦੇਸ਼ ਘੁੰਮਣ ਗਏ ਜਲੰਧਰ ਦੇ ਇੱਕ ਨੌਜਵਾਨ ਦੀ ਮੈਕਲੌਡਗੰਜ ਵਿੱਚ ਮੌਤ ਹੋ ਗਈ। ਉਹ ਧਰਮਸ਼ਾਲਾ ਦੇ ਮੈਕਲੌਡਗੰਜ ਦੇ ਉੱਪਰ ਸਥਿਤ ਭਾਗਸੂ ਨਾਗ ਝਰਨੇ ਨੇੜੇ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ ਅਤੇ ਪਾਣੀ ’ਚ ਰੁੜ੍ਹ ਗਿਆ। । ਫਿਲਹਾਲ ਹਿਮਾਚਲ ਐੱਸਡੀਆਰਐੱਫ ਨੇ ਮੌਕੇ ਤੋਂ 100 ਮੀਟਰ ਹੇਠਾਂ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਵਨ ਕੁਮਾਰ (32) ਵਾਸੀ ਨਕੋਦਰ ਰੋਡ ਜਲੰਧਰ ਵਜੋਂ ਹੋਈ ਹੈ। ਪਵਨ ਦੇ ਦੋਸਤ ਅਮਿਤ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਧਰਮਸ਼ਾਲਾ ਘੁੰਮਣ ਆਏ ਸਨ ਅਤੇ ਉਹ ਸਾਰੇ ਭਾਗਸੂ ਨਾਗ ਝਰਨੇ ਦੇ ਹੇਠਾਂ ਨਾਲੇ ਵਿੱਚ ਨਹਾ ਰਹੇ ਸਨ। ਇਸ ਦੌਰਾਨ ਝਰਨੇ ਵਿੱਚ ਪਾਣੀ ਅਚਾਨਕ ਵਧ ਗਿਆ ਅਤੇ ਵਹਾਅ ਬਹੁਤ ਤੇਜ਼ ਹੋ ਗਿਆ। ਪਹਿਲਾਂ ਦੋ ਦੋਸਤ ਸੁਰੱਖਿਅਤ ਬਾਹਰ ਨਿਕਲ ਕੇ ਆਏ ਪਰ ਜਦੋਂ ਪਵਨ ਪਾਣੀ ’ਚ ਉਤਰਿਆ ਤਾਂ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਸਥਾਨਕ ਲੋਕਾਂ ਅਤੇ ਦੋਸਤਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਐੱਸਡੀਆਰਐੱਫ ਕਾਂਗੜਾ ਅਤੇ ਸਥਾਨਕ ਪੁਲੀਸ ਟੀਮ ਨੇ ਨੌਜਵਾਨ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਆਰੰਭੇ। ਬਾਅਦ ਵਿੱਚ ਪੁਲੀਸ ਨੇ ਝਰਨੇ ਤੋਂ ਕਰੀਬ 100 ਮੀਟਰ ਹੇਠਾਂ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ।

Spread the love