ਸਾਨ ਫਰਾਂਸਿਸਕੋ ‘ਚ ਭਾਰਤੀ ਕੌਂਸਲੇਟ ‘ਤੇ ਹਮਲੇ ਬਾਰੇ NIA ਨੇ ਜਾਣਕਾਰੀ ਮੰਗੀ
ਚੰਡੀਗੜ੍ਹ : ਕੌਮੀ ਜਾਂਚ ਏਜੰਸੀ ਐਨਆਈਏ ਨੇ ਮਾਰਚ ਵਿੱਚ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਾਵਾਸ ਉੱਤੇ ਹੋਏ ਹਮਲੇ ਦੇ 10 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਉਨ੍ਹਾਂ ਬਾਰੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਏਜੰਸੀ ਨੇ ਲੋੜੀਂਦੇ ਮੁਲਜ਼ਮਾਂ ਬਾਰੇ ਅਹਿਮ ਜਾਣਕਾਰੀ ਮੰਗੀ ਹੈ ਤਾਂ ਜੋ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਸਕੇ। NIA ਦੇ ਨੋਟਿਸ ‘ਚ ਦੋਸ਼ੀ ਦੀ ਪਛਾਣ ਜ਼ਾਹਰ ਕਰਨ ਵਾਲੇ ਵਿਅਕਤੀ ਦੀ ਪਛਾਣ ਨਾ ਦੱਸਣ ਦੀ ਗੱਲ ਕਹੀ ਗਈ ਹੈ।
NIA ਨੇ ਤਸਵੀਰਾਂ ਜਾਰੀ ਕਰਕੇ ਇਹ ਜਾਣਕਾਰੀ ਮੰਗੀ
ਨਿਊਜ਼ ਏਜੇਂਸੀ ANI ਅਨੁਸਾਰ ਦੂਤਾਵਾਸ ਹਮਲੇ ਦੇ 10 ਦੋਸ਼ੀਆਂ ਬਾਰੇ ਆਮ ਲੋਕਾਂ ਤੋਂ ਜਾਣਕਾਰੀ ਮੰਗੀ ਗਈ ਹੈ। ਐਨਆਈਏ ਨੇ ਕੁਝ ਟੈਲੀਫੋਨ ਨੰਬਰ ਅਤੇ ਈਮੇਲ ਆਈਡੀ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ‘ਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਐਨਆਈਏ ਨੇ ਤਸਵੀਰਾਂ ਜਾਰੀ ਕਰਦੇ ਹੋਏ ਉਨ੍ਹਾਂ ਦੇ ਨਾਮ, ਫ਼ੋਨ ਨੰਬਰ, ਪਤਾ, ਪਾਸਪੋਰਟ ਵੇਰਵੇ ਅਤੇ ਕੌਮੀਅਤ ਬਾਰੇ ਜਾਣਕਾਰੀ ਮੰਗੀ ਹੈ।
ਹਮਲਾ ਮਾਰਚ ਚ ਹੋਇਆ ਸੀ
18 ਅਤੇ 19 ਮਾਰਚ ਦੀ ਅੱਧੀ ਰਾਤ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਉੱਤੇ ਹਮਲਾ ਹੋਇਆ ਸੀ। ਇਸ ਦੌਰਾਨ ਕੁਝ ਖਾਲਿਸਤਾਨੀ ਸਮਰਥਕਾਂ ਨੇ ਕਥਿਤ ਤੌਰ ‘ਤੇ ਕੌਂਸਲੇਟ ‘ਚ ਦਾਖਲ ਹੋ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਖਾਲਿਸਤਾਨ ਸਮਰਥਕਾਂ ਨੇ ਸਥਾਨਕ ਪੁਲਿਸ ਵੱਲੋਂ ਲਗਾਏ ਬੈਰੀਕੇਡ ਤੋੜ ਦਿੱਤੇ ਅਤੇ ਕੌਂਸਲੇਟ ਕੰਪਲੈਕਸ ‘ਤੇ ਖਾਲਿਸਤਾਨੀ ਝੰਡੇ ਲਹਿਰਾ ਦਿੱਤੇ। ਇਸ ਦੌਰਾਨ ਇਮਾਰਤ ਦੀ ਭੰਨ-ਤੋੜ ਵੀ ਕੀਤੀ ਗਈ ਅਤੇ ਭਾਰਤੀ ਅਫਸਰਾਂ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। 1 ਅਤੇ 2 ਜੁਲਾਈ ਦੀ ਰਾਤ ਨੂੰ ਵੀ ਕੁਝ ਮੁਲਜ਼ਮਾਂ ਨੇ ਭਾਰਤੀ ਵਣਜ ਦੂਤਘਰ ਵਿੱਚ ਦਾਖ਼ਲ ਹੋ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਕਈ ਅਧਿਕਾਰੀ ਕੰਪਲੈਕਸ ਵਿੱਚ ਮੌਜੂਦ ਸਨ।