ਪਲਾਟ ਘੁਟਾਲਾ :ਮਨਪ੍ਰੀਤ ਬਾਦਲ ਨੇ ਜਮਾਨਤ ਲਈ ਦਾਇਰ ਅਰਜ਼ੀ ਵਾਪਿਸ
ਬਠਿੰਡਾ : ਪੰਜਾਬ ਦੇ ਸਾਬਕਾ ਵਿਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਸੰਭਾਵਿਤ ਗ੍ਰਿਫਤਾਰੀ ਦੇ ਡਰੋਂ ਅਦਾਲਤ ਵਿੱਚ ਦਾਇਰ ਅਰਜ਼ੀ ਵਾਪਸ ਲੈ ਲਈ ਹੈ | ਅਦਾਲਤ ਨੇ 26 ਸਤੰਬਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਸੀ। ਮਨਪ੍ਰੀਤ ਬਾਦਲ ਨੇ ਆਪਣੀ ਅਰਜ਼ੀ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਿਆਸੀ ਰੰਜ਼ਿਸ਼ ਤਹਿਤ ਫ਼ਸਾਉਣ ਦੇ ਦੋਸ਼ ਲਾਏ ਸਨ। ਉਨ੍ਹਾਂ ਇਸ ਸੰਬੰਧ ਵਿੱਚ ਕੁਝ ਸਬੂਤ ਵੀ ਅਦਾਲਤ ਅੱਗੇ ਪੇਸ਼ ਕੀਤੇ ਹਨ।ਅੱਜ ਮਨਪ੍ਰੀਤ ਸਿੰਘ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਅਦਾਲਤ ਵਿੱਚ ਪੇਸ਼ ਹੋਏ ਅਤੇ ਅਰਜ਼ੀ ਵਾਪਸ ਲੈ ਲਈ। ਪਤਾ ਲੱਗਿਆ ਹੈ ਕਿ ਮਨਪ੍ਰੀਤ ਬਾਦਲ ਦੇ ਵਕੀਲ ਨੇ ਵਿਜੀਲੈਂਸ ਵੱਲੋਂ ਮਨਪ੍ਰੀਤ ਸਮੇਤ ਅੱਧੀ ਦਰਜਨ ਖਿਲਾਫ਼ ਕੇਸ ਦਰਜ ਕਰਨ ਪਿੱਛੋਂ ਬਣੇ ਨਵੇਂ ਹਾਲਾਤਾਂ ਦੀ ਰੌਸ਼ਨੀ ਵਿੱਚ ਅਗਾਂਊ ਜਮਾਨਤ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਮਨਪ੍ਰੀਤ ਬਾਦਲ ਨੇ ਬਠਿੰਡਾ ‘ਚ ਆਪਣੀ ਰਿਹਾਇਸ਼ ਬਣਾਉਣ ਲਈ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਬਠਿੰਡਾ ਵਿਕਾਸ ਅਥਾਰਟੀ ਤੋਂ ਜਗ੍ਹਾ ਖਰੀਦੀ ਸੀ ਜਿਸ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਆਪਣੇ ਖਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ਦੌਰਾਨ ਮਨਪ੍ਰੀਤ ਬਾਦਲ ਨੇ ਆਪਣੇ ਵਕੀਲ ਰਾਹੀਂ ਬੀਤੇ ਸ਼ਨੀਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਤੋਂ ਜਮਾਨਤ ਮੰਗੀ ਸੀ। ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸ਼ਕ ਤੇ ਬਿਕਰਮਜੀਤ ਸਿੰਘ ਸ਼ੇਰਗਿੱਲ , ਪੰਕਜ ਕਾਲੀਆ ਅਸਟੇਟ ਅਫ਼ਸਰ ਗਲਾਡਾ ਲੁਧਿਆਣਾ ,ਰਾਜੀਵ ਕੁਮਾਰ , ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਲਾਲ ਸਿੰਘ ਬਸਤੀ ਖਿਲਾਫ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੇ ਰਾਜੀਵ ਕੁਮਾਰ ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਗ੍ਰਿਫਤਾਰ ਕਰ ਲਏ ਹਨ। ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ, ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ਼ ਕਾਲੀਆ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।