ਅਮ੍ਰਿਤਸਰ : ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨਤਾਰਨ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ‘ਤੇ ਵੱਡੇ ਦੋਸ਼ ਲਗਾਏ ਹਨ। ਇਸ ਵਿਵਾਦ ਦਰਮਿਆਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦੋਸ਼ ਲਗਾਉਂਦੇ ਹੋਏ ਆਪਣੀ ਸਕਿਓਰਿਟੀ ਤਕ ਵਾਪਸ ਕਰਨ ਦੀ ਗੱਲ ਆਖੀ ਹੈ। ਲਾਲਪੁਰਾ ਨੇ ਕਿਹਾ ਕਿ ‘ਐੱਸ. ਐੱਸ . ਪੀ ਮੈਂ ਤੇ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਹੀ ਰਲਿਆ ਹੋਇਆ ਹੈ ਪਰ ਹੁਣ ਪਤਾ ਲਗਾ ਤੂੰ ਕਾਇਰ ਵੀ ਹੈ। ਬਾਕੀ ਐੱਸ. ਐੱਸ. ਪੀ ਤੂੰ ਰਾਤ ਜੋ ਪੁਲਸ ਵਾਲੇ ਫੀਲੇ ਭੇਜੇ ਸੀ ਉਨ੍ਹਾਂ ਜੋ ਮੇਰੇ ਰਿਸ਼ਤੇਦਾਰ ਨਾਲ ਕੀਤਾ, ਉਸ ਦੇ ਜਵਾਬ ਦੀ ਉਡੀਕ ਕਰੋ। ਬਾਕੀ ਤੂੰ ਜੋ ਸੀ. ਆਈ. ਏ ਵਾਲਿਆਂ ਕੋਲੋਂ ਰਾਤ ਸੁਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਐੱਮ. ਐੱਲ. ਏ. ‘ਤੇ ਕਈ ਪਰਿਵਾਰ ਤਬਾਹ ਹੋ ਜਾਂਦੇ। ਮੈਨੂੰ ਸਵਿਕਾਰ ਹੈ, ਮੈਂ ਆਪਣੀ ਪੁਲਸ ਸਕਿਓਰਟੀ ਤੈਨੂ ਵਾਪਸ ਭੇਜ ਰਿਹਾ ਹਾਂ। ਤੇਰੇ ਕੋਲ ਖੁੱਲ੍ਹਾ ਸਮਾਂ ਤੂੰ ਜੋ ਮੈਨੂੰ ਕਰਵਾਉਣਾ ਕਰਵਾ ਲੈ। ਬਾਕੀ ਪਰਿਵਾਰ ਸਭ ਦੇ ਬਰਾਬਰ ਹਨ। ਰਾਤ ਤੇਰਾ ਸੀ .ਆਈ . ਏ ਵਾਲਾ ਰੱਜਿਆ ਕਹਿੰਦਾ ਰਿਹਾ ਉਥੇ ਕਿ ਮੈਂ 25 ਲੱਖ ਮਹੀਨਾ ਐੱਸ. ਐੱਸ. ਪੀ. ਨੂੰ ਦਿੰਦਾ ਹਾਂ ਤਾਂ ਹੀ ਮੈਂ ਕਹਾਂ ਐਡਾ ਵੱਡਾ ਨਸ਼ੇੜੀ ਤੂੰ ਸੀ. ਆਈ. ਏ. ਦੀ ਕੁਰਸੀ ‘ਤੇ ਕਿਉਂ ਰੱਖਿਆ ਹੈ।

ਬਾਕੀ ਤੁਸੀਂ ਜੋ ਕੁੱਟ-ਕੁੱਟ ਕਹਿੰਦੇ ਰਹੇ ਕਿ ਐੱਮ. ਐੱਲ. ਏ. ਦਾ ਨਾਮ ਲੈ, ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ। ਤੇਰੇ ਵੱਲੋਂ ਮੇਰੇ ਰਿਸ਼ਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈਂ ਸਵਾਗਤ ਕਰਦਾਂ ਹਾਂ। ਉਹ ਬੁਜ਼ਦਿਲ ਹੁੰਦਾ ਹੈ ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢੇ। ਤੂੰ ਆਪਣੀ ਵਰਦੀ ਪਾਸੇ ਰੱਖ ਤੇ ਮੈਂ ਆਪਣੀ ਵਿਧਾਇਕ ਦੀ ਕੁਰਸੀ ਪਾਸੇ ਰੱਖਦਾ, ਫਿਰ ਦੇਖਦੇ। ਬਾਕੀ ਮੈਂ ਅੱਜ ਵੀ ਕਹਿੰਦਾ ਤਰਨਤਾਰਨ ਪੁਲਸ ਵਿਚ ਪਿਛਲੇ ਕਈ ਸਾਲਾਂ ਤੋਂ ਹੀ ਬਿਨਾਂ ਪੈਸੇ ਕੰਮ ਨਹੀ ਹੁੰਦਾ ਪਰ ਅਸੀਂ ਕਰਵਾਉਣਾ।”

ਕੀ ਹੈ ਮਾਮਲਾ ?

ਅਸਲ ਵਿਚ ਇਹ ਸਾਰਾ ਮਾਮਲਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੈਲ ਢਾਏ ਵਾਲਾ ਵਿਖੇ ਹੋ ਰਹੀ ਬਿਆਸ ਦਰਿਆ ਨਜ਼ਦੀਕ ਰੇਤਾ ਦੀ ਨਾਜਾਇਜ਼ ਮਾਇਨਿਗ ਨੂੰ ਲੈ ਕੇ ਵਿਗੜਿਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਪੁਲਸ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜਾ ਨਿਸ਼ਾਨ ਸਿੰਘ ਸਮੇਤ 13 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ।

ਜਿਸ ਸਬੰਧੀ ਪੁਲਸ ਨੇ 9 ਟਿੱਪਰ, ਇਕ ਇਨੋਵਾ ਗੱਡੀ, ਇਕ ਮੋਟਰਸਾਈਕਲ ਅਤੇ ਇਕ ਪੁਪ ਲਾਈਨ ਮਸ਼ੀਨ ਵੀ ਕਬਜ਼ੇ ਵਿਚ ਲਈ ਹੈ। ਇਸ ਮਾਮਲੇ ਸੰਬੰਧੀ ਜਦੋਂ ਐੱਸ. ਐੱਸ. ਪੀ. ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ।

Spread the love