ਪੰਜਾਬ ਵਿੱਚ 23 ਹਜ਼ਾਰ ਬੱਚਿਆਂ ਨੂੰ ਦੁੱਗਣਾ ਵਜ਼ੀਫ਼ਾ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਕਰੀਬ 23 ਹਜ਼ਾਰ ਬੱਚਿਆਂ ਨੂੰ ਵਜ਼ੀਫ਼ੇ ਦਾ ਦੁੱਗਣਾ-ਤਿੱਗਣਾ ਗੱਫਾ ਦਿੱਤਾ ਹੈ। ਜਦੋਂ ਇਨ੍ਹਾਂ ਬੱਚਿਆਂ ਦੇ ਬੈਂਕ ਖਾਤਿਆਂ ਵਿਚ ਨਿਰਧਾਰਿਤ ਨਾਲੋਂ ਦੁੱਗਣੀ-ਤਿੱਗਣੀ ਵਜ਼ੀਫ਼ਾ ਰਾਸ਼ੀ ਚਲੀ ਗਈ ਤਾਂ ਮਗਰੋਂ ਮਹਿਕਮੇ ਦੀ ਜਾਗ ਖੁੱਲ੍ਹੀ ਹੈ। ਇਹ ਮਾਮਲਾ ਵਿਭਾਗ ਦੇ ਧਿਆਨ ਵਿਚ ਆਇਆ ਤਾਂ ਸਿੱਖਿਆ ਵਿਭਾਗ ਦੇ ਅਫ਼ਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿੱਖਿਆ ਵਿਭਾਗ ਨੇ ਹੁਣ ਵਜ਼ੀਫ਼ਾ ਰਾਸ਼ੀ ਦੀ ਵਾਧੂ ਅਦਾਇਗੀ ਦੀ ਰਿਕਵਰੀ ਦੇ ਹੁਕਮ ਜਾਰੀ ਕੀਤੇ ਹਨ।

ਸਿੱਖਿਆ ਮੰਤਰੀ ਬੈਂਸ ਨੇ ਦਿੱਤੇ ਜਾਂਚ ਦੇ ਹੁਕਮ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਮਲਾ ਧਿਆਨ ਵਿਚ ਆਉਂਦੇ ਹੀ ਉਨ੍ਹਾਂ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਜੋ ਸ਼ੱਕ ਦੀ ਕੋਈ ਗੁੰਜਾਇਸ਼ ਨਾ ਬਚੇ। ਉਨ੍ਹਾਂ ਦੱਸਿਆ ਕਿ ਇਹ ਸਭ ਪੋਰਟਲ ’ਚੋਂ ਅਦਾਇਗੀ ਸਮੇਂ ਤਕਨੀਕੀ ਗੜਬੜ ਕਰਕੇ ਵਾਪਰਿਆ ਹੈ, ਪਰ ਫਿਰ ਵੀ ਉਨ੍ਹਾਂ ਨੇ ਮਾਮਲੇ ਦੀ ਪੜਤਾਲ ਕਰਨ ਵਾਸਤੇ ਕਿਹਾ ਹੈ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਲੋੜਵੰਦ ਤੇ ਯੋਗ ਬੱਚਿਆਂ ਨੂੰ ਵਜ਼ੀਫ਼ਾ ਰਾਸ਼ੀ ਦੇਣ ਲਈ ਵਚਨਬੱਧ ਹੈ ਅਤੇ ਜਿੱਥੇ ਦੁੱਗਣੀ ਜਾਂ ਤਿੱਗਣੀ ਰਾਸ਼ੀ ਗਈ ਹੈ, ਉਸ ਨੂੰ ਰਿਕਵਰ ਕਰਨ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

Spread the love