ਪੰਜਾਬ ‘ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਸੂਬੇ ’ਚ 1854 ਖ਼ਰੀਦ ਕੇਂਦਰ ਬਣਾਏ

ਚੰਡੀਗੜ੍ਹ : ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਸੀਜ਼ਨ 1 ਅਕਤੂਬਰ ਨੂੰ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਮੰਡੀਆਂ ਵਿਚ 12 ਹਜ਼ਾਰ ਟਨ ਫ਼ਸਲ ਆਈ ਹੈ। ਇਸ ਵਾਰ ਸੂਬੇ ਵਿਚ 1854 ਖ਼ਰੀਦ ਕੇਂਦਰ ਬਣਾਏ ਗਏ ਹਨ। ਸੂਬਾ ਸਰਕਾਰ ਵੱਲੋਂ 182 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਸੂਬੇ ਨੂੰ ਕਰੀਬ 37,625 ਹਜ਼ਾਰ ਕਰੋੜ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਗਈ ਹੈ। ਦੂਜੇ ਸੂਬਿਆਂ ’ਚੋਂ ਫ਼ਸਲ ਨੂੰ ਰੋਕਣ ਵਾਸਤੇ ਅੰਤਰਰਾਜੀ ਸਰਹੱਦਾਂ ’ਤੇ ਨਾਕੇ ਲਗਾਏ ਗਏ ਹਨ। ਡਿਪਟੀ ਕਮਿਸ਼ਨਰਾਂ ਨੇ ਖ਼ਰੀਦ ਏਜੰਸੀਆਂ ਨਾਲ ਆਪੋ-ਆਪਣੇ ਜ਼ਿਲ੍ਹਿਆਂ ਵਿਚ ਮੀਟਿੰਗਾਂ ਕੀਤੀਆਂ ਅਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜਪੁਰਾ ਵਿਚ ਕਿਹਾ ਕਿ ਝੋਨੇ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਅਤੇ ਫ਼ਸਲ ਜਵਿੇਂ ਹੀ ਮੰਡੀ ਵਿਚ ਢੇਰੀ ਹੋਵੇਗੀ, ਉਸੇ ਸਮੇਂ ਪੈਸੇ ਕਿਸਾਨਾਂ ਦੇ ਖਾਤੇ ਵਿਚ ਪਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਐਤਕੀਂ ਕਰੀਬ 8 ਲੱਖ ਕਿਸਾਨ ਆਪਣੀ ਫ਼ਸਲ ਵੇਚਣਗੇ। ਮੰਡੀਆਂ ਵਿਚ ਨੋਡਲ ਅਧਿਕਾਰੀ ਲਗਾਏ ਗਏ ਹਨ ਅਤੇ ਮੰਡੀਆਂ ’ਚੋਂ ਚੌਲ ਮਿੱਲਾਂ ਤੱਕ ਫ਼ਸਲ ਲਿਜਾਣ ਵਾਸਤੇ ਇਸ ਵਾਰ ਜੀਪੀਐੱਸ ਲਾਜ਼ਮੀ ਕੀਤਾ ਗਿਆ ਹੈ। ਮਾਝੇ ਦੇ ਖ਼ਰੀਦ ਕੇਂਦਰਾਂ ਵਿਚ ਬਾਸਮਤੀ ਦੀ ਆਮਦ ਦੋ ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਬਾਸਮਤੀ ਦੀ ਸਰਕਾਰੀ ਖ਼ਰੀਦ ਨਾ ਹੋਣ ਕਰਕੇ ਕਿਸਾਨ ਪ੍ਰਾਈਵੇਟ ਵਪਾਰੀਆਂ ’ਤੇ ਨਿਰਭਰ ਹਨ। ਮੁੱਢਲੇ ਪੜਾਅ ’ਤੇ ਫ਼ਸਲ ਵਿਚ ਨਮੀ ਆਉਣ ਦੇ ਖ਼ਦਸ਼ੇ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਜਕ ਦੇ ਅਗਾਂਹਵਧੂ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਇੱਕਾ-ਦੁੱਕਾ ਖੇਤਾਂ ਵਿਚ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ ਪ੍ਰੰਤੂ ਵਾਢੀ 15 ਅਕਤੂਬਰ ਤੋਂ ਮਗਰੋਂ ਜ਼ੋਰਾਂ-ਸ਼ੋਰਾਂ ਨਾਲ ਚੱਲੇਗੀ। ਖੇਤੀ ਮਾਹਿਰਾਂ ਨੇ ਕਿਹਾ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਕਰਕੇ ਫ਼ਸਲ ਸਮੇਂ ਸਿਰ ਮੰਡੀਆਂ ’ਚ ਪੁੱਜ ਜਾਵੇਗੀ।

Spread the love