ਦਿੱਲੀ : ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਿਰਫ 20 ਮਹੀਨਿਆਂ ਵਿਚ ਹੀ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ ਤੇ ਪੰਜ ਸਾਲਾਂ ਦੇ ਪੂਰੇ ਕਾਰਜਕਾਲ ਵਿਚ ਇਹ ਸਰਕਾਰ ਪੰਜਾਬ ਸਿਰ ਕਰਜ਼ਾ ਵਧਾ ਕੇ 10 ਲੱਖ ਕਰੋੜ ਰੁਪਏ ਕਰ ਦੇਵੇਗੀ ਜੋ ਕਿਸੇ ਤੋਂ ਲੱਥਣਾ ਵੀ ਨਹੀਂ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਨੇ ਸਿਰਫ ਇਕ ਹੀ ਮਹੀਨੇ ਵਿਚ 4450 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸੂਬੇ ਦੇ ਸਰੋਤ ਹਿਮਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ਸਮੇਤ ਦੇਸ਼ ਦੇ ਹਰ ਕੋਨੇ ਵਿਚ ਆਮ ਆਦਮੀ ਪਾਰਟੀ ਲਈ ਪ੍ਰਚਾਰ ’ਤੇ ਅਤੇ ਆਪਣੇ ਆਪਾ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦੌਰਿਆਂ ’ਤੇ ਬਰਬਾਦ ਕਰ ਰਹੇ ਹਨ।

ਭਾਜਪਾ ਆਗੂ ਨੇ ਹੋਰ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗਾਂ ਨੂੰ ਕਰਜ਼ਾ ਚੁੱਕਣ ਵਾਸਤੇ ਗਹਿਣੇ ਧਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਦੇਸ਼ ਦਾ ਕੋਈ ਅਜਿਹਾ ਹਿੱਸਾ ਨਹੀਂ ਛੱਡਿਆ ਜਿਥੇ ਉਹਨਾਂ ਪੰਜਾਬ ਸਰਕਾਰ ਦੇ ਖਰਚੇ ’ਤੇ ਅਰਵਿੰਦ ਕੇਜਰੀਵਾਲ ਤੇ ਆਪ ਦੇ ਪ੍ਰਚਾਰ ਵਾਸਤੇ ਪੈਸਾ ਨਾ ਖਰਚਿਆ ਹੋਵੇ। ਉਹਨਾਂ ਕਿਹਾ ਕਿ ਪੰਜਾਬ ਨੇ ਇੰਨਾ ਕਰਜ਼ਾ ਤਾਂ ਅਤਿਵਾਦ ਵੇਲੇ ਨਹੀਂ ਚੁੱਕਿਆ ਸੀ।

ਉਹਨਾਂ ਕਿਹਾ ਕਿ ਭਗਵੰਤ ਮਾਨ ਲਗਾਤਾਰ ਕਰਜ਼ਾ ਚੁੱਕ ਰਹੇ ਹਨ ਤੇ ਜੋ ਉਹਨਾਂ ਨੂੰ ਬਰਬਾਦੀ ਨਾ ਕਰਨ ਦੀ ਸਲਾਹ ਦੇ ਰਹੇ ਹਨ, ਉਹਨਾਂ ਦੀ ਗੱਲ ਸੁਣਨ ਨੂੰ ਉਹ ਤਿਆਰ ਨਹੀਂ ਹਨ। ਉਹਨਾਂ ਕਿਹਾ ਕਿ ਉਹਨਾਂ ਨੇ 2022 ਦੀਆਂ ਚੋਣਾਂ ਵੇਲੇ ਸੂਬੇ ਦੇ ਲੋਕਾਂ ਨੂੰ ਵਾਅਦਾ ਕੀਤਾਸੀ ਕਿ ਉਹ ਇਕ-ਇਕ ਰੁਪਿਆ ਬਚਾਉਣਗੇ ਜਦੋਂ ਕਿ ਉਹ ਕਰ ਇਸਦੇ ਬਿਲਕੁਲ ਉਲਟ ਰਹੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਦਿਨ ਤੋਂ ਲਗਾਤਾਰ ਪੰਜਾਬ ਦੇ ਸਰੋਤ ਲੁਟਾ ਰਹੇ ਹਨ।

ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਕੁਝ ਤਾਂ ਸਿਆਣਪ ਵਰਤ ਤੇ ਉਹਨਾਂ ਪੰਜਾਬੀਆਂ ’ਤੇ ਧਿਆਨ ਦੇਣ ਜਿਹਨਾਂ ਨੇ ਉਹਨਾਂ ਨੂੰ ਸੱਤਾ ਦੀ ਵਾਗਡੋਰ ਸੌਂਪੀ ਹੈ, ਨਾ ਕਿ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਹੁਕਮ ਵਜਾਉਣ ਜੋ ਹਰ ਦਿਨ, ਹਰ ਪਲ ਪੰਜਾਬ ਨੂੰ ਬਰਬਾਦ ਕਰਨ ’ਤੇ ਲੱਗਾ ਹੈ।।

Spread the love