ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਅਟਾਰੀ ਸਰਹੱਦ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ, ਜਿਸ ਵਾਸਤੇ ਪਹਿਲਾਂ ਅਕਾਲ ਤਖਤ ਵਿਖੇ ਸਮੂਹ ਅਕਾਲੀ ਲੀਡਰਸ਼ਿਪ ਵੱਲੋਂ ਯਾਤਰਾ ਦੀ ਆਰੰਭਤਾ ਅਤੇ ਸਫਲਤਾ ਵਾਸਤੇ ਅਰਦਾਸ ਕੀਤੀ ਗਈ।

ਯਾਤਰਾ ਦੀ ਸ਼ੁਰੂਆਤ ਵਾਸਤੇ ਅਰਦਾਸ ਕਰਨ ਮਗਰੋਂ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਵਾਸਤੇ ਅਟਾਰੀ ਰਵਾਨਾ ਹੋ ਗਏ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਧਾਮੀ ਨੇ ਆਖਿਆ ਕਿ ਪੰਜਾਬ ਬਚਾਓ ਯਾਤਰਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਸ਼ਹਿਰਾਂ ਵਿੱਚ ਜਾਵੇਗੀ, ਜਿੱਥੇ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਆਈ ਸੀ। ਸੂਬੇ ਵਿੱਚ ਨਸ਼ਿਆਂ ਦਾ ਬੋਲਬਾਲਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ ਅੱਜ ਅਟਾਰੀ ਅਤੇ ਰਾਜਾਸਾਂਸੀ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਲੋਕਾਂ ਨੂੰ ਮਿਲਣਗੇ।ਅਕਾਲ ਤਖਤ ਦੇ ਸਨਮੁੱਖ ਕੀਤੀ ਅਰਦਾਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਸਨ।

Spread the love