ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਲੜਾਈ ਤੇਜ਼ ਕਰ ਦਿੱਤੀ ਹੈ। ਹਾਈਕੋਰਟ ਤੋਂ ਫੌਰੀ ਰਾਹਤ ਨਾ ਮਿਲਣ ਮਗਰੋਂ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਪਹੁੰਚ ਗਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸੜਕਾਂ ਉਪਰ ਸੰਘਰਸ਼ ਤੇਜ਼ ਕਰ ਦਿੱਤਾ ਹੈ। ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਵੱਡਾ ਐਕਸ਼ਨ ਕਰਨ ਜਾ ਰਹੇ ਹਨ। ਆਮ ਆਦਮੀ ਪਾਰਟੀ ਅੱਜ ਭਾਜਪਾ ਦੇ ਦਿੱਲੀ ਸਥਿਤ ਹੈੱਡਕੁਆਰਟਰ ਮੂਹਰੇ ਪ੍ਰਦਰਸ਼ਨ ਕਰੇਗੀ।

ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਹੋਈ ਮੇਅਰ ਦੀ ਚੋਣ ਦੇ ਨਤੀਜਿਆਂ ’ਤੇ ਰੋਕ ਲਾਉਣ ਬਾਰੇ ਦਾਖਲ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬੁੱਧਵਾਰ ਨੂੰ ਇਨਕਾਰ ਕਰਨ ਤੋਂ ਬਾਅਦ ਮੇਅਰ ਅਹੁਦੇ ਦੇ ਆਪ ਉਮੀਦਵਾਰ ਕੁਲਦੀਪ ਕੁਮਾਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਬੁੱਧਵਾਰ ਨੂੰ ‘ਆਪ’ ਤੇ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਦਾਇਰ ਪਟੀਸ਼ਨ ‘ਚ ਪ੍ਰੀਜ਼ਾਈਡਿੰਗ ਅਫਸਰ ‘ਤੇ ਗਿਣਤੀ ਪ੍ਰਕਿਰਿਆ ਵਿੱਚ ਧੋਖਾਧੜੀ ਤੇ ਜਾਅਲਸਾਜ਼ੀ ਦਾ ਸਹਾਰਾ ਲੈਣ ਦਾ ਦੋਸ਼ ਲਾਇਆ ਸੀ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਚੰਡੀਗੜ੍ਹ ਨੂੰ ਤਿੰਨ ਹਫ਼ਤਿਆਂ ਵਿੱਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਹਾਲਾਂਕਿ ਪਟੀਸ਼ਨ ਦੀ ਸੁਣਵਾਈ ਦੌਰਾਨ ਕੋਰਟ ਨੇ ਮੇਅਰ ਦੇ ਅਹੁਦੇ ਲਈ ਇੱਕ ਦਿਨ ਪਹਿਲਾਂ ਹੋਏ ਚੋਣ ਨਤੀਜਿਆਂ ’ਤੇ ਰੋਕ ਲਗਾਉਣ ਦਾ ਅੰਤ੍ਰਿਮ ਆਦੇਸ਼ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਨਗਰ ਨਿਗਮ ਭਵਨ ਵਿੱਚ ਚੰਡੀਗੜ੍ਹ ਦੇ ਨਵੇਂ ਮੇਅਰ ਦੀ ਹੋਈ ਚੋਣ ਨੂੰ ਲੈ ਕੇ ‘ਇੰਡੀਆ’ ਦੇ ਕਾਂਗਰਸ-ਆਪ ਗਠਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ਨਗਰ ਨਿਗਮ ਦੀ ਸੱਤਾਧਾਰੀ ਭਾਜਪਾ ਨੇ ਸਿਰਫ਼ ਚਾਰ ਵੋਟਾਂ ਨਾਲ ਮੇਅਰ ਦੀ ਚੋਣ ਜਿੱਤ ਕੇ ਲਗਾਤਾਰ ਮੇਅਰ ਦੀ ਸੀਟ ਬਰਕਰਾਰ ਰੱਖੀ। ਨਗਰ ਨਿਗਮ ਵਿੱਚ ‘ਆਪ’-ਕਾਂਗਰਸ ਗਠਜੋੜ ਦੇ ਸਭ ਤੋਂ ਵੱਧ ਕੌਂਸਲਰ ਹੋਣ ਦੇ ਬਾਵਜੂਦ ‘ਇੰਡੀਆ’ ਗਠਜੋੜ ਭਾਜਪਾ ਤੋਂ ਹਾਰ ਗਿਆ।

ਪ੍ਰੀਜ਼ਾਈਡਿੰਗ ਅਫਸਰ ਤੇ ਨਾਮਜ਼ਦ ਕੌਂਸਲਰ ਅਨਿਲ ਮਸੀਹ ਵੱਲੋਂ 36 ਵਿੱਚੋਂ ਅੱਠ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਭਾਜਪਾ ਨੂੰ 16 ਵੋਟਾਂ ਮਿਲੀਆਂ ਜਦੋਂਕਿ ਆਪ-ਕਾਂਗਰਸ ਗਠਜੋੜ ਕੋਲ 20 ਕੌਂਸਲਰ ਹੋਣ ਦੇ ਬਾਵਜੂਦ 12 ਵੋਟਾਂ ਸਨ। ਹਾਈ ਕੋਰਟ ਦੇ ਸਾਹਮਣੇ ਆਪਣੀ ਪਟੀਸ਼ਨ ਵਿੱਚ, ਆਪ-ਕਾਂਗਰਸ ਦੇ ਸਾਂਝੇ ਉਮੀਦਵਾਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਨੇ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨੂੰ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੁਲਦੀਪ ਕੁਮਾਰ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਆਜ਼ਾਦ ਤੇ ਨਿਰਪੱਖ ਢੰਗ ਨਾਲ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ।

Spread the love