ਨਵਾਂ ਸ਼ਹਿਰ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਆਂਗਣਵਾੜੀ ਵਰਕਰ ਤੋਂ ਜਬਰੀ ਵਿਭਾਗ ਤੋਂ ਬਿਨਾਂ ਹੋਰ ਡਿਊਟੀ ਕਰਾਉਣ ਵਿਰੁੱਧ ਅੱਜ ਐਸਡੀਐਮ ਦਫ਼ਤਰ ਦੇ ਬਾਹਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ, ਜ਼ਿਲ੍ਹਾ ਸਕੱਤਰ ਅਤੇ ਬਲਾਕ ਪ੍ਰਧਾਨ ਲਖਵਿੰਦਰ ਕੌਰ ਨੇ ਕਿਹਾ ਕਿ ਐਸਡੀਐਮ ਵੱਲੋਂ ਜੋ ਪੁਲਿਸ ਦੇ ਦਬਾਅ ਨਾਲ ਵਰਕਰ ਉਤੇ ਡਿਊਟੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਹਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਟੂ ਪੰਜਾਬ ਦੇ ਸੂਬਾ ਪ੍ਰਧਾਨ ਮਹਾਂ ਸਿੰਘ ਰੋੜੀ ਤੋਂ ਇਲਾਵਾ ਵੱਡੀ ਗਿਣਤੀ ਆਂਗਣਵਾੜੀ ਵਰਕਰ ਤੇ ਹੈਲਪਰਾਂ ਨੇ ਹਿੱਸਾ ਲਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਬਰੀ ਥੋਪੇ ਜਾਂਦੇ ਹੋਰ ਵਿਭਾਗਾਂ ਦੇ ਕੰਮਾਂ ਲਈ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਜ਼ਬਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਯੂਨੀਅਨ ਆਗੂਆਂ ਨੂੰ ਦੱਸਿਆ ਕਿ ਤਹਿਸੀਲਦਾਰ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਵਰਕਰਾਂ ਤੋਂ ਬਿਨਾਂ ਸਹਿਮਤੀ ਦੇ ਬੀਐਲਓ ਦਾ ਕੰਮ ਨਹੀਂ ਕਰਵਾਇਆ ਜਾਵੇਗਾ। ਐਸਡੀਐਮ ਦੇ ਬਾਹਰ ਹੋਣ ਕਾਰਨ ਤਹਿਸੀਲਦਾਰ ਵੱਲੋਂ ਮੋਬਾਇਲ ਉਤੇ ਗੱਲ ਕਰਵਾਈ ਗਈ। ਐਸਡੀਐਮ ਵੱਲੋਂ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਮੀਟਿੰਗ ਕਰਕੇ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸੋਮਵਾਰ ਨੂੰ ਮਾਮਲਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਵੱਡੀ ਗਿਣਤੀ ਵਿੱਚ ਪਹੁੰਚੀਆਂ ਵਰਕਰਾਂ ਨੇ ਐਲਾਨ ਕੀਤਾ ਕਿ ਜੇਕਰ ਵਰਕਰ ਸੁਖਵਿੰਦਰ ਕੌਰ ਨੂੰ ਪੁਲਿਸ ਰਾਹੀਂ ਘਰੋਂ ਬੁਲਾ ਕੇ ਜ਼ਬਰੀ ਡਿਊਟੀ ਕਰਾਉਣ ਦੇ ਮਸਲੇ ਵਿੱਚ ਇਨਸਾਫ ਨਾ ਮਿਲਿਆ ਤਾਂ ਸਾਰੀਆਂ ਵਰਕਰਾਂ ਆਪਣੀ ਇੱਛਾ ਨਾਲ ਹੋਰ ਵਿਭਾਗਾਂ ਦੇ ਕਰ ਰਹੀਆਂ ਕੰਮਾਂ ਦਾ ਬਾਈਕਾਟ ਕਰਨਗੀਆਂ।
ਇਸ ਮੌਕੇ ਜਸਵੀਰ ਕੌਰ ਸੂਰਾਪੁਰ, ਕਮਲਜੀਤ ਕੌਰ, ਇੰਦਰਜੀਤ ਕੌਰ, ਸੰਗੀਤਾ ਕੌਰ, ਰੇਵਲ ਕੌਰ, ਪਰਮਜੀਤ ਕੌਰ, ਕਸ਼ਮੀਰ ਕੌਰ, ਸੋਮਾ ਦੇਵੀ, ਮੀਨਾਕਸ਼ੀ ਤੋਂ ਇਲਾਵਾ ਹੋਰ ਆਂਗਣਵਾੜੀ ਵਰਕਰ ਤੇ ਹੈਲਪਰ ਹਾਜ਼ਰ ਸਨ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਐਸਡੀਐਮ ਦਫ਼ਤਰ ਅੱਗੇ ਧਰਨਾ
kulwant singh
20th June 2026













