ਚੰਡੀਗੜ੍ਹ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬੀਆਂ ਸਬੰਧੀ ਵਿਵਾਦਤ ਟਿੱਪਣੀ ਕਰਨ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਮੁਆਫੀ ਮੰਗੀ ਹੈ। ਭਾਜਪਾ ਆਗੂ ਜਤਿੰਦਰ ਮਲਹੋਤਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸੇ ਗੱਲ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਜਾਂ ਕਿਸੇ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ, ਤਾਂ ਉਹ ਇਸ ਲਈ ਦਿਲੋਂ ਮਾਫ਼ੀ ਮੰਗਦੇ ਹਨ। ਉਨ੍ਹਾਂ ਕਾਂਗਰਸ ’ਤੇ ਰਾਜਨੀਤਿਕ ਲਾਭ ਲਈ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਪ੍ਰੋਗਰਾਮ ਦੀ ਪੂਰੀ ਵੀਡੀਓ ਦਿਖਾਉਣ ਦੀ ਬਜਾਏ ਉਸਦਾ ਇੱਕ ਛੋਟਾ ਹਿੱਸਾ ਕੱਟ ਕੇ ਗਲਤ ਸੰਦਰਭ ਵਿੱਚ ਪੇਸ਼ ਕੀਤਾ ਅਤੇ ਖੇਤਰੀ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਜਤਿੰਦਰ ਮਲਹੋਤਰਾ ਨੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੋਏ ਕਿਹਾ, “ਮੈਂ ਖੁਦ ਇੱਕ ਪੰਜਾਬੀ ਹਾਂ। ਮੇਰਾ ਪਾਲਣ-ਪੋਸ਼ਣ ਅੰਮ੍ਰਿਤਸਰ ਵਿੱਚ ਹੋਇਆ ਹੈ ਅਤੇ ਅੱਜ ਮੈਂ ਚੰਡੀਗੜ੍ਹ ਵਿੱਚ ਰਹਿੰਦਾ ਹਾਂ। ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ ਅਤੇ ਹਮੇਸ਼ਾ ਰਹੇਗਾ।” ਉਨ੍ਹਾਂ ਨੇ ਰਾਜਾ ਵੜਿੰਗ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਪੰਜਾਬੀਆਂ ਦੀਆਂ ਭਾਵਨਾਵਾਂ ਤਦ ਆਹਤ ਹੋਈਆਂ ਸਨ ਜਦੋਂ ਕਾਂਗਰਸ ਨੇ ਪੰਜਾਬ ਦੇ ਟੁਕੜੇ ਕੀਤੇ, ਜਦੋਂ ਕਾਂਗਰਸ ਸ਼ਾਸਨ ਦੌਰਾਨ ਹਰਿਮੰਦਰ ਸਾਹਿਬ ’ਤੇ ਹਮਲਾ ਹੋਇਆ, ਅਤੇ ਜਦੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਗੰਭੀਰ ਮੁੱਦਿਆਂ ’ਤੇ ਰਾਜਾ ਵੜਿੰਗ ਹਮੇਸ਼ਾ ਚੁੱਪ ਰਹੇ ਹਨ।‘

ਜ਼ਿਕਰਯੋਗ ਹੈ ਕਿ ਇੱਕ ਪ੍ਰੋਗਰਾਮ ਦੌਰਾਨ ਪੰਜਾਬੀਆਂ ਬਾਰੇ ਦਿੱਤਾ ਵਿਵਾਦਿਤ ਬਿਆਨ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਪੰਜਾਬੀਆਂ ਨੂੰ  ‘Emotional Bloody Fools’ ਕਿਹਾ ਸੀ।

Spread the love