ਚੰਡੀਗੜ੍ਹ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਕੌਂਸਲ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਗਰਮਾ ਗਿਆ ਹੈ। ਪੰਜਾਬ ਭਾਜਪਾ ਨੇ ਸੂਬਾ ਸਰਕਾਰ ਵੱਲੋਂ EVM ਦੀ ਬਜਾਏ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਸਬੰਧੀ ਅੱਜ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਭਾਜਪਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਰਾਜ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਚੋਣ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ:

“ਪਿਛਲੇ ਚਾਰ ਸਾਲਾਂ ਤੋਂ ਪੰਜਾਬ ਨੂੰ ਲੁੱਟਣ ਵਾਲੀ ‘ਆਪ’ ਸਰਕਾਰ ਹੁਣ ਰਾਜ ਚੋਣ ਕਮਿਸ਼ਨ ਨਾਲ ਮਿਲ ਕੇ ਪੰਚਾਇਤੀ ਚੋਣਾਂ ਵਾਂਗ ਨਗਰ ਨਿਗਮ ਚੋਣਾਂ ਨੂੰ ਲੁੱਟਣ ਦੀ ਸਾਜ਼ਿਸ਼ ਰਚ ਰਹੀ ਹੈ। ਬੈਲੇਟ ਪੇਪਰ ਦੀ ਵਰਤੋਂ ਸਿਰਫ ਧਾਂਦਲੀ ਕਰਨ ਲਈ ਕੀਤੀ ਜਾ ਰਹੀ ਹੈ।”

ਭਾਜਪਾ ਨੇ ਮੰਗ ਕੀਤੀ ਹੈ ਕਿ ਚੋਣਾਂ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਸਿਰਫ਼ EVM ਮਸ਼ੀਨਾਂ ਦਾ ਹੀ ਇਸਤੇਮਾਲ ਕੀਤਾ ਜਾਵੇ। ਜਾਖੜ ਨੇ ਦੋਸ਼ ਲਾਇਆ ਕਿ ਲੰਘੀ ਰਾਤ ਕਈ ਥਾਵਾਂ ‘ਤੇ ਜਾਣਬੁੱਝ ਕੇ ਰਾਖਵੇਂਕਰਨ ਵਾਲੇ ਵਾਰਡ ਬਦਲ ਦਿੱਤੇ ਗਏ ਹਨ ਤਾਂ ਜੋ ਵਿਰੋਧੀ ਉਮੀਦਵਾਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। : ਕਈ ਇਲਾਕਿਆਂ ਵਿੱਚ ਅਜੇ ਤੱਕ ਵੋਟਰ ਲਿਸਟਾਂ ਉਪਲਬਧ ਨਹੀਂ ਕਰਵਾਈਆਂ ਗਈਆਂ, ਜਿਸ ਨਾਲ ਚੋਣ ਪ੍ਰਕਿਰਿਆ ‘ਤੇ ਸਵਾਲ ਉੱਠਦੇ ਹਨ। ਭਾਜਪਾ ਅਨੁਸਾਰ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਾਂਝੀ ਮੀਟਿੰਗ ਕਰਨੀ ਜ਼ਰੂਰੀ ਹੁੰਦੀ ਹੈ, ਪਰ ਇਸ ਵਾਰ ਕਮਿਸ਼ਨ ਨੇ ਅਜਿਹਾ ਨਹੀਂ ਕੀਤਾ।

ਇਸ ਮੌਕੇ ਸੁਨੀਲ ਜਾਖੜ ਦੇ ਨਾਲ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਰਾਕੇਸ਼ ਰਾਠੌਰ ਅਤੇ ਵਿਨੀਤ ਜੋਸ਼ੀ ਵਰਗੇ ਦਿੱਗਜ ਆਗੂ ਮੌਜੂਦ ਸਨ।

ਭਾਜਪਾ ਦੇ ਇਸ ਸਖ਼ਤ ਰੁਖ਼ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਿਰਫ਼ ਸਥਾਨਕ ਮੁੱਦਿਆਂ ‘ਤੇ ਨਹੀਂ, ਸਗੋਂ ਚੋਣ ਪ੍ਰਣਾਲੀ ਦੀ ਪਾਰਦਰਸ਼ਤਾ ਨੂੰ ਲੈ ਕੇ ਵੀ ਇੱਕ ਵੱਡੀ ਜੰਗ ਬਣਨ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਰਾਜ ਚੋਣ ਕਮਿਸ਼ਨ ਇਸ ਵਿਰੋਧ ‘ਤੇ ਕੀ ਪ੍ਰਤੀਕਿਰਿਆ ਦਿੰਦਾ ਹੈ।

Spread the love