ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਆਪਣੇ ਦਫ਼ਤਰ ਵਿਖੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਐਸ ਡੀ ਐਮ) ਨਾਲ ਮੀਟਿੰਗ ਕਰਕੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.-2026) ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਉਨ੍ਹਾਂ ਹਦਾਇਤ ਕੀਤੀ ਕਿ ਵੋਟਰਾਂ ਨੂੰ ਵੰਡੇ ਗਏ ਐਨੂਮਰੇਸ਼ਨ ਫਾਰਮ ਸਾਰੇ ਲੋੜੀਂਦੇ ਵੇਰਵੇ ਭਰਵਾਉਣ ਉਪਰੰਤ ਸਮੇਂ ਸਿਰ (25 ਜੂਨ ਤੋਂ 24 ਜੁਲਾਈ) ਵਾਪਸ ਇਕੱਤਰ ਕੀਤੇ ਜਾਣ। ਉਨ੍ਹਾਂ ਕਿਹਾ ਕਿ 3 ਅਗਸਤ, 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਡਰਾਫਟ ਵੋਟਰ ਸੂਚੀ ਵਾਸਤੇ ਇਨ੍ਹਾਂ ਫਾਰਮਾਂ ਦਾ ਡਿਜੀਟਾਈਜ਼ੇਸ਼ਨ ਮੁਕੰਮਲ ਕਰਨਾ ਬਹੁਤ ਜ਼ਰੂਰੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਈ.ਆਰ.ਓਜ਼. ਨੂੰ 1200 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਬੂਥਾਂ ਦੇ ਰੈਸ਼ਨਲਾਈਜ਼ੇਸ਼ਨ ਸਬੰਧੀ ਪ੍ਰਸਤਾਵ ਤਿਆਰ ਕਰਕੇ ਸਮੇਂ ਸਿਰ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼.) ਅਤੇ ਸੁਪਰਵਾਈਜ਼ਰਾਂ ਤੋਂ ਨਿਯਮਿਤ ਤੌਰ ‘ਤੇ ਪ੍ਰਗਤੀ ਰਿਪੋਰਟ ਲਈ ਜਾਵੇ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਮੌਜੂਦਾ ਅਤੇ ਰੈਸ਼ਨਲਾਈਜ਼ੇਸ਼ਨ ਲਈ ਪ੍ਰਸਤਾਵਿਤ ਸਾਰੇ ਪੋਲਿੰਗ ਬੂਥਾਂ ‘ਤੇ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਘੱਟੋ-ਘੱਟ ਲੋੜੀਂਦੀਆਂ ਸਹੂਲਤਾਂ (ਘੱਟੋ ਘੱਟ ਲੋੜੀਂਦੀਆਂ ਸੁਵਿਧਾਵਾਂ) ਹਰ ਹਾਲਤ ਵਿੱਚ ਯਕੀਨੀ ਬਣਾਈਆਂ ਜਾਣ।
ਸ੍ਰੀਮਤੀ ਕੋਮਲ ਮਿੱਤਲ ਨੇ ਦੁਹਰਾਇਆ ਕਿ ਸਾਰੇ ਬੀ.ਐਲ.ਓਜ਼. ਘਰ-ਘਰ ਜਾ ਕੇ ਐਨੂਮਰੇਸ਼ਨ ਫਾਰਮ ਵੰਡਣ ਅਤੇ ਬਾਅਦ ਵਿੱਚ ਭਰੇ ਹੋਏ ਫਾਰਮ ਵਾਪਸ ਇਕੱਤਰ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਨ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ, ਈ.ਆਰ.ਓ. ਅਮਿਤ ਗੁਪਤਾ (ਐੱਸ.ਡੀ.ਐੱਮ. ਡੇਰਾਬੱਸੀ), ਈ.ਆਰ.ਓ. ਦਮਨਦੀਪ ਕੌਰ (ਐੱਸ.ਡੀ.ਐੱਮ. ਮੋਹਾਲੀ), ਈ.ਆਰ.ਓ. ਗੁਰਮੀਤ ਸਿੰਘ (ਐੱਸ.ਡੀ.ਐੱਮ. ਖਰੜ), ਚੋਣ ਤਹਿਸੀਲਦਾਰ ਹਰਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।













