ਚੰਡੀਗੜ੍ਹ, 10 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਨੂੰ ਅਤਿ ਦੀ ਗਰਮੀ ਨੇ ਆਪਣੇ ਲਪੇਟ ਵਿੱਚ ਲਿਆ ਹੋਇਆ ਹੈ। ਸੂਬੇ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਹੈ। ਪੈ ਰਹੀ ਅਤਿ ਦੀ ਗਰਮੀ ਦੇ ਚਲਦਿਆਂ ਸੂਬੇ ਵਿਚ ਬਿਜਲੀ ਦੀ ਮੰਗ ਵੀ ਵੱਧਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਦੁਪਹਿਰ ਸਮੇਂ ਬਿਜਲੀ ਦੀ ਮੰਗ 15,400 ਮੈਗਾਵਾਟ ਤੋਂ ਟੱਪ ਗਈ ਹੈ, ਜੋ ਕਿ ਲੰਘੇ ਦਿਨ ਨਾਲੋਂ 1200 ਮੈਗਾਵਾਟ ਵੱਧ ਦਰਜ ਕੀਤੀ ਗਈ ਹੈ। ਲੰਘੇ ਦਿਨ ਪੰਜਾਬ ਵਿੱਚ ਬਿਜਲੀ ਦੀ ਮੰਗ 14,200 ਮੈਗਾਵਾਟ ਦਰਜ ਕੀਤੀ ਗਈ ਸੀ। ਹਾਲਾਂਕਿ ਪੰਜਾਬ ਵਿੱਚ ਹਾਲੇ ਝੋਨੇ ਦੀ ਲੁਆਈ ਦਾ ਕੰਮ ਅੱਧ ਵਿਚਾਲੇ ਹੋਣ ਕਰਕੇ ਖੇਤੀ ਖੇਤਰ ਵੱਲੋਂ ਬਹੁਤਾ ਲੋਡ ਨਹੀਂ ਪਾਇਆ ਜਾ ਰਿਹਾ। ਪੰਜਾਬ ਵਿੱਚ 9 ਜੂਨ ਤੋਂ ਝੋਨੇ ਦੀ ਤੀਜੇ ਗੇੜ ਦੀ ਲੁਆਈ ਦਾ ਕੰਮ ਸ਼ੁਰੂ ਹੋਇਆ ਹੈ, ਜਦੋਂ ਸਾਰੇ ਕਿਸਾਨਾਂ ਵੱਲੋਂ ਝੋਨੇ ਦੀ ਲੁਆਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਬਿਜਲੀ ਦੀ ਮੰਗ ਹੋਰ ਵਧੇਗੀ। ਪੰਜਾਬ ਵਿੱਚ ਸਥਿਤ ਸਰਕਾਰੀ ਖੇਤਰ ਦੇ ਤਿੰਨ ਅਤੇ ਨਿੱਜੀ ਖੇਤਰ ਦੇ ਦੋ ਥਰਮਲ ਪਲਾਂਟਾਂ ਦੇ ਕੁੱਲ 15 ਯੂਨਿਟਾਂ ਵਿੱਚੋਂ 14 ਯੂਨਿਟ ਕਾਰਜਸ਼ੀਲ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲੋਕਾਂ ਨੂੰ 11 ਜੂਨ ਤੋਂ ਗਰਮੀ ਤੋਂ ਆਰਜ਼ੀ ਤੌਰ ’ਤੇ ਰਾਹਤ ਮਿਲ ਸਕਦੀ ਹੈ ਕਿਉਂਕਿ ਪੰਜਾਬ, ਹਰਿਆਣਾ ਸਣੇ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ 11, 12 ਤੇ 13 ਜੂਨ ਨੂੰ ਮੌਸਮ ਦਾ ਮਿਜ਼ਾਜ ਬਦਲੇਗੀ। ਇਸ ਦੌਰਾਨ ਕਈ ਥਾਵਾਂ ’ਤੇ 50 ਤੋਂ 60 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਹਲਕਾ ਤੇ ਦਰਮਿਆਨਾ ਮੀਂਹ ਪਵੇਗਾ, ਜਦੋਂ ਕਿ ਕਈ ਥਾਵਾਂ ’ਤੇ ਗੜੇ ਵੀ ਪੈ ਸਕਦੇ ਹਨ।

Spread the love