ਮੋਹਾਲੀ, 12 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਮੋਹਾਲੀ ਡਿਸਟ੍ਰਿਕਟ ਕੈਮਿਸਟਸ ਐਸੋਸੀਏਸ਼ਨ (ਐਮ.ਡੀ.ਸੀ.ਏ.) ਦੇ ਪ੍ਰਧਾਨ ਅਮਰਦੀਪ ਸਿੰਘ ਅਤੇ ਜਨਰਲ ਸਕੱਤਰ ਵਿਕਰਮ ਠਾਕੁਰ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਇਕ ਵਫ਼ਦ ਨੇ ਅੱਜ ਮਾਣਯੋਗ ਸੰਸਦ ਮੈਂਬਰ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਕੈਮਿਸਟ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਅਤੇ ਹੋ ਰਹੀਆਂ ਨਾਇਨਸਾਫ਼ੀਆਂ ਬਾਰੇ ਜਾਣੂ ਕਰਵਾਇਆ ਗਿਆ।
ਵਫ਼ਦ ਨੇ ਮਾਣਯੋਗ ਸੰਸਦ ਮੈਂਬਰ ਸਾਹਿਬ ਨੂੰ ਦੱਸਿਆ ਕਿ ਲਾਇਸੈਂਸਸ਼ੁਦਾ ਕੈਮਿਸਟਾਂ ਅਤੇ ਮੈਡੀਕਲ ਸਟੋਰ ਮਾਲਕਾਂ ਨੂੰ ਗੈਰ-ਨਿਯੰਤਰਿਤ ਅਤੇ ਬੇਰੋਕ ਟੋਕ ਚੱਲ ਰਹੀਆਂ ਈ-ਫਾਰਮੇਸੀਆਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਰਿਟੇਲ ਕੈਮਿਸਟਾਂ ਨਾਲ ਹੋ ਰਹੀ ਪ੍ਰਸ਼ਾਸਨਿਕ ਤੰਗਪ੍ਰੇਸ਼ਾਨੀ ਅਤੇ ਛੋਟੇ ਤੇ ਦਰਮਿਆਨੇ ਪੱਧਰ ਦੇ ਫਾਰਮੇਸੀ ਕਾਰੋਬਾਰਾਂ ‘ਤੇ ਪੈ ਰਹੇ ਨਕਾਰਾਤਮਕ ਪ੍ਰਭਾਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਕੈਮਿਸਟ ਭਾਈਚਾਰਾ ਸਦਾ ਹੀ ਸਿਹਤ ਸੇਵਾਵਾਂ ਦਾ ਇੱਕ ਅਹਿਮ ਹਿੱਸਾ ਰਿਹਾ ਹੈ ਅਤੇ ਕੋਵਿਡ ਮਹਾਮਾਰੀ ਵਰਗੇ ਔਖੇ ਸਮਿਆਂ ਦੌਰਾਨ ਵੀ ਲੋਕਾਂ ਦੀ ਸੇਵਾ ਲਈ ਦਿਨ-ਰਾਤ ਡਟਿਆ ਰਿਹਾ। ਪਰੰਤੂ ਅੱਜ ਇਹ ਭਾਈਚਾਰਾ ਗਲਤ ਵਪਾਰਕ ਨੀਤੀਆਂ, ਆਨਲਾਈਨ ਦਵਾਈਆਂ ਦੀ ਬਿਨਾਂ ਯੋਗ ਨਿਗਰਾਨੀ ਵਿਕਰੀ ਅਤੇ ਵੱਖ-ਵੱਖ ਪ੍ਰਸ਼ਾਸਨਿਕ ਚੁਣੌਤੀਆਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਪ੍ਰਧਾਨ ਅਮਰਦੀਪ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਜ਼ਾਰਾਂ ਕੈਮਿਸਟਾਂ ਦੇ ਰੋਜ਼ਗਾਰ ਦੀ ਰੱਖਿਆ ਲਈ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਹੋਰ ਸੰਬੰਧਿਤ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਣੀ ਬਹੁਤ ਜ਼ਰੂਰੀ ਹੈ।
ਜਨਰਲ ਸਕੱਤਰ ਸ੍ਰੀ ਵਿਕਰਮ ਠਾਕੁਰ ਨੇ ਕਿਹਾ ਕਿ ਬਿਨਾਂ ਯੋਗ ਨਿਯਮਾਂ ਦੇ ਚੱਲ ਰਹੀਆਂ ਈ-ਫਾਰਮੇਸੀਆਂ ਲੋਕਾਂ ਦੀ ਸਿਹਤ ਲਈ ਵੀ ਖਤਰਾ ਬਣ ਸਕਦੀਆਂ ਹਨ, ਕਿਉਂਕਿ ਇਸ ਨਾਲ ਬਿਨਾਂ ਡਾਕਟਰੀ ਪਰਚੀ ਤੋਂ ਦਵਾਈਆਂ ਦੀ ਵਿਕਰੀ, ਦਵਾਈਆਂ ਦੇ ਗਲਤ ਇਸਤੇਮਾਲ ਅਤੇ ਜ਼ਿੰਮੇਵਾਰੀ ਦੀ ਘਾਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਐਮ.ਡੀ.ਸੀ.ਏ. ਦੇ ਵਫ਼ਦ ਨੇ ਮਾਣਯੋਗ ਸੰਸਦ ਮੈਂਬਰ ਸਾਹਿਬ ਨੂੰ ਅਪੀਲ ਕੀਤੀ ਕਿ ਕੈਮਿਸਟ ਭਾਈਚਾਰੇ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਉੱਚ ਪੱਧਰ ‘ਤੇ ਉਠਾਇਆ ਜਾਵੇ ਅਤੇ ਗੈਰ-ਕਾਨੂੰਨੀ ਆਨਲਾਈਨ ਦਵਾਈ ਵਿਕਰੀ ‘ਤੇ ਸਖ਼ਤ ਨਿਯੰਤਰਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।
ਮਾਣਯੋਗ ਸੰਸਦ ਮੈਂਬਰ ਸ੍ਰੀ ਮਲਵਿੰਦਰ ਸਿੰਘ ਕੰਗ ਨੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਕੈਮਿਸਟ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਸੰਬੰਧਿਤ ਅਧਿਕਾਰੀਆਂ ਅੱਗੇ ਉਠਾਇਆ ਜਾਵੇਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਅੰਤ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਮਾਣਯੋਗ ਸੰਸਦ ਮੈਂਬਰ ਸਾਹਿਬ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੈਮਿਸਟ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸਮਰਥਨ ਦਿੱਤਾ।













