ਚੰਡੀਗੜ੍ਹ, 2 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਚੰਡੀਗੜ੍ਹ ਵਿੱਚ ਇਕ ਵਿਅਕਤੀ ਨੇ ਆਪਣਾ ਪਸੰਦੀ ਦਾ ਫੈਂਸੀ ਨੰਬਰ 37 ਲੱਖ ਰੁਪਏ ਤੋਂ ਵੱਧ ਰੁਪਏ ਦਾ ਖਰੀਦਿਆ ਹੈ। ਫੈਂਸੀ ਨੰਬਰ ਦੀ ਹੋਈ ਬੋਲੀ ਵਿੱਚ ‘0003’ ਨੰਬਰ ਹੁਣ ਤੱਕ ਸਭ ਤੋਂ ਵੱਧ ਮਹਿੰਗਾ ਵਿਕਿਆ ਹੈ। ਚੰਡੀਗੜ੍ਹ ਵਿੱਚ CH-01-DE ਸੀਰੀਜ਼ ਦੀ ਬੋਲੀ ਵਿੱਚ 0003 ਨੰਬਰ 37 ਲੱਖ 63 ਹਜ਼ਾਰ ਰੁਪਏ ਵਿੱਚ ਵਿਕਿਆ ਹੈ। ਬੀਤੇ ਸੋਮਵਾਰ ਨੂੰ ਫੈਂਸੀ ਨੰਬਰਾਂ ਦੀ ਬੋਲੀ ਖਤਮ ਹੋ ਗਿਆ। ਇਸ ਬੋਲੀ ਦੌਰਾਨ ‘0001’ ਨੰਬਰ 23.55 ਲੱਖ ਰੁਪਏ ਦੀ ਬੋਲੀ ਨਾਲ ਦੂਜੇ ਸਥਾਨ ਉਤੇ ਰਿਹਾ।

ਮਿਲੀ ਜਾਣਕਾਰੀ ਅਨੁਸਾਰ, ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ, ਯੂਟੀ ਚੰਡੀਗੜ੍ਹ ਵੱਲੋਂ ਫੈਂਸੀ ਨੰਬਰਾਂ ਦੀ 30 ਮਈ ਤੋਂ 1 ਜੂਨ ਤੱਕ ਹੋਈ ਬੋਲੀ ਦੀ ਕਰਵਾਈ ਗਈ ਸੀ। ਇਸ ਬੋਲੀ ਦੌਰਾਨ 0001 ਤੋਂ 9999 ਤੱਕ ਦੇ ਨੰਬਰਾਂ ਅਤੇ ਪਿਛਲੀਆਂ ਸੀਰੀਜ਼ਾਂ ਦੇ ਬਚੇ ਹੋਏ ਫੈਂਸੀ ਤੇ ਵਿਸ਼ੇਸ਼ ਨੰਬਰਾਂ ਦੀ ਨਿਲਾਮੀ ਕੀਤੀ ਗਈ। ਇਸ ਦੌਰਾਨ 681 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਤੋਂ ਕੁਲ 4.13 ਕਰੋੜ ਰੁਪਏ ਦੀ ਆਮਦਨ ਹੋਈ ਹੈ। ਉੱਚੀਆਂ ਬੋਲੀਆਂ ਵਾਲੇ ਹੋਰ ਨੰਬਰਾਂ ਵਿੱਚ ‘0009’ ਲਈ 12.30 ਲੱਖ ਰੁਪਏ, ‘0002’ ਲਈ 10.22 ਲੱਖ ਰੁਪਏ, ‘0005’ ਲਈ 9.86 ਲੱਖ ਰੁਪਏ, ‘0007’ ਲਈ 9.48 ਲੱਖ ਰੁਪਏ, ‘0077’ ਲਈ 8.54 ਲੱਖ ਰੁਪਏ, ‘0008’ ਲਈ 8.14 ਲੱਖ ਰੁਪਏ, ‘0010’ ਲਈ 7.92 ਲੱਖ ਰੁਪਏ ਅਤੇ ‘0004’ ਲਈ 6.69 ਲੱਖ ਰੁਪਏ ਦੀ ਬੋਲੀ ਲੱਗੀ।

Spread the love