ਚੰਡੀਗੜ੍ਹ, 23 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਚੋਣ ਵਿੱਚ ਸ਼ੁਭਮ ਸ਼ਰਮਾ ਸ਼ੁਬੀ ਜੇਤੂ ਰਹੇ ਹਨ, ਜਿਨ੍ਹਾਂ ਨੇ ਆਪਣੇ ਵਿਰੋਧੀ ਗਗਨਦੀਪ ਸਿੰਘ ਨੂੰ ਮਾਤ ਦਿੱਤੀ ਹੈ। ਇਸ ਚੋਣ ਵਿੱਚ ਕੁੱਲ 4,68,614 ਵੋਟਾਂ ਪੋਲ ਹੋਈਆਂ। ਪੰਜਾਬ ਯੂਥ ਕਾਂਗਰਸ ਦੀ ਜਥੇਬੰਦਕ ਚੋਣ ’ਚ ਪ੍ਰਧਾਨਗੀ ਲਈ ਸ਼ੁਬੀ ਨੇ ਸਭ ਤੋਂ ਵੱਧ 1,60,154 ਵੋਟਾਂ ਹਾਸਲ ਕੀਤੀਆਂ। ਡੈਲੀਗੇਟ ਚੋਣਾਂ ’ਚ ਦੂਜੇ ਨੰਬਰ ’ਤੇ ਰਹੇ ਗਗਨਦੀਪ ਸਿੰਘ ਨੂੰ 1,56,271 ਵੋਟਾਂ ਅਤੇ ਕਰਨਵੀਰ ਸਿੰਘ ਢਿੱਲੋਂ ਨੂੰ 94,181 ਵੋਟਾਂ ਪ੍ਰਾਪਤ ਹੋਈਆਂ। ਕਾਂਗਰਸ ਹਾਈ ਕਮਾਂਡ ਦੀ ਰਸਮੀ ਪ੍ਰਵਾਨਗੀ ਮਿਲਣ ਮਗਰੋਂ ਸ਼ੁਭਮ ਸ਼ਰਮਾ ਯੂਥ ਕਾਂਗਰਸ ਦੀ ਸੂਬਾ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ। ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਸਿਖਰਲੇ ਤਿੰਨ ਉਮੀਦਵਾਰਾਂ ਦੀ ਇੰਟਰਵਿਊ ਹੋਵੇਗੀ ਅਤੇ ਰਸਮੀ ਪ੍ਰਵਾਨਗੀ ਮਗਰੋਂ ਯੂਥ ਕਾਂਗਰਸ ਦੀ ਪ੍ਰਧਾਨਗੀ ਐਲਾਨੀ ਜਾਵੇਗੀ। ਪੰਜਾਬ ਯੂਥ ਕਾਂਗਰਸ ਦੇ ਬਾਕੀ ਅਹੁਦਿਆਂ ਲਈ ਵੀ ਚੋਣ ਨਤੀਜੇ ਐਲਾਨੇ ਗਏ ਹਨ ਜਿਨ੍ਹਾਂ ਅਨੁਸਾਰ ਸੂਬਾਈ ਜਨਰਲ ਸਕੱਤਰ ਦੇ ਅਹੁਦੇ ਲਈ ਸਭ ਤੋਂ ਵੱਧ 39,568 ਵੋਟਾਂ ਗੁਰਜੋਤ ਸਿੰਘ ਨੇ ਹਾਸਲ ਕੀਤੀਆਂ ਜਦੋਂ ਕਿ ਸੂਬਾ ਸਕੱਤਰ ਦੇ ਅਹੁਦੇ ਲਈ ਰਵਿੰਦਰ ਸਿੰਘ ਨੂੰ ਸਭ ਤੋਂ ਵੱਧ 2744 ਵੋਟਾਂ ਪ੍ਰਾਪਤ ਹੋਈਆਂ। ਮੀਤ ਪ੍ਰਧਾਨ (OBC ) ’ਚ ਪਰਮਵੀਰ ਸਿੰਘ ਢੱਡੇਕਟਵਾਲ ਨੂੰ ਸਭ ਤੋਂ ਵੱਧ 2953 ਵੋਟਾਂ, ਮੀਤ ਪ੍ਰਧਾਨ (ਐੱਸ ਸੀ/ਐੱਸ ਟੀ) ਲਈ ਨਵਤੇਜ ਸਿੰਘ ਅਮਰਕੋਟ ਨੂੰ ਸਭ ਤੋਂ ਵੱਧ 2,318 ਵੋਟਾਂ, ਮੀਤ ਪ੍ਰਧਾਨ (ਓਪਨ ਮਹਿਲਾ) ਵਰਗ ’ਚ ਸ਼ਿਵਾਨੀ ਸ਼ਰਮਾ ਨੂੰ 2125 ਵੋਟਾਂ, ਮੀਤ ਪ੍ਰਧਾਨ (ਘੱਟ ਗਿਣਤੀ) ਲਈ ਅਰਸ਼ਦ ਖਾਨ ਰਾਣਾ ਨੂੰ ਸਭ ਤੋਂ ਵੱਧ 1102 ਵੋਟਾਂ ਪਈਆਂ।

Spread the love