ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

24-04-2026

ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪

ੴ ਸਤਿਗੁਰ ਪ੍ਰਸਾਦਿ ॥

ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥ ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥ ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥ ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥ ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥ ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥ ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥ ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥ ਸੋ ਪ੍ਰਭੁ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗਿ ਬੈਸਾ ॥ ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥ ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥ ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ ॥ ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥ ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥ ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥ ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥ ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥ ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥ ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥ ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥ ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥ ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥ ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ॥੪॥੧॥

ਸ਼ੁੱਕਰਵਾਰ, ੧੧ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੫੭੬)

ਪੰਜਾਬੀ ਵਿਆਖਿਆ

ਹੇ ਭਾਈ ! ਗੁਰੂ ਨੂੰ ਮਿਲ ਕੇ ਹੀ ਪਿਆਰਾ ਪ੍ਰਭੂ ਲੱਭਦਾ ਹੈ, ਜਿਸ ਨੂੰ ਗੁਰੂ ਦੀ ਰਾਹੀਂ ਪ੍ਰਭੂ ਲੱਭ ਪੈਂਦਾ ਹੈ, ਉਹ ਆਪਣਾ ਇਹ ਸਰੀਰ, ਇਹ ਮਨ ਗੁਰੂ ਦੇ ਹਵਾਲੇ ਕਰਦਾ ਹੈ। ਜੇਹੜਾ ਮਨੁੱਖ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਗੁਰੂ ਪਾਸੋਂ ਲੈ ਕੇ ਪੀਂਦਾ ਹੈ, ਤੇ, ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਸ ਮਨੁੱਖ ਨੂੰ ਉਹ ਘਰ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ ਜਿਸ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦਾ ਨਾਮ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਹੇ ਨਾਨਕ! ਆਖ- ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ। ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ, ਪੂਰੇ ਗੁਰੂ ਨੂੰ ਸਦਾ ਨਮਸਕਾਰ ਕਰਨੀ ਚਾਹੀਦੀ ਹੈ।੧। ਹੇ ਮੇਰੇ ਸੱਜਣ! ਹੇ ਮੇਰੇ ਮਿੱਤਰ! ਸੁਣ, ਕਿਸੇ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਨੇ ਸਦਾ-ਥਿਰ ਦੀ ਸਿਫ਼ਤਿ ਸਾਲਾਹ ਵਾਲਾ ਸ਼ਬਦ-ਮੰਤ੍ਰ ਦਿੱਤਾ ਹੈ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿਚ ਵਸਾਂਦਾ ਹੈ, ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ ਸਾਲਾਹ ਦਾ ਗੀਤ ਸਦਾ ਗਾਂਦਾ ਹੈ, ਉਸ ਦੇ ਮਨ ਤੋਂ ਚਿੰਤਾ-ਫ਼ਿਕਰ ਲਹਿ ਜਾਂਦੇ ਹਨ, ਉਹ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਥਾਂ ਉਹ ਨਹੀਂ ਭਟਕਦਾ ਉਹ ਸਦਾ ਹੀ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ। ਉਹ ਮਨੁੱਖ ਪ੍ਰਭੂ ਨੂੰ ਸਦਾ ਪਿਆਰਾ ਲੱਗਦਾ ਹੈ, ਸਦਾ-ਥਿਰ ਪ੍ਰਭੂ ਦਾ ਹੀ ਉਸ ਨੂੰ ਮਾਣ-ਆਸਰਾ ਰਹਿੰਦਾ ਹੈ, ਪਰਮਾਤਮਾ ਨੇ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਕੇ ਆਪਣਾ ਨਾਮ-ਧਨ ਬਖ਼ਸ਼ ਦਿੱਤਾ ਹੈ। ਹੇ ਨਾਨਕ! ਆਖ- ਹੇ ਪ੍ਰਭੂ! ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ ਤੇਰੇ ਨਾਮ ਦੀ ਦਾਤਿ ਉਸ ਪਾਸੋਂ ਸਭ ਜੀਵ ਲੈਂਦੇ ਹਨ।੨। ਹੇ ਪ੍ਰਭੂ! ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ। ਜੇ ਤੇਰੀ ਰਜ਼ਾ ਹੋਵੇ ਤਾਂ ਗੁਰੂ ਦੀ ਸਰਨ ਪੈ ਕੇ ਜੀਵ ਮਾਇਆ ਦੀ ਭੁੱਖ ਵਲੋਂ ਪੂਰੇ ਤੌਰ ਤੇ ਰੱਜ ਜਾਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਕਦੇ ਨਾਹ ਮੁੱਕਣ ਵਾਲੀ ਮਾਇਆ ਦੀ ਪਿਆਸ ਉਸ ਦੇ ਅੰਦਰੋਂ ਬੁੱਝ ਜਾਂਦੀ ਹੈ, ਗੁਰੂ ਦੀ ਰਾਹੀਂ ਉਹ ਵਡਾ ਨਾਮ ਖ਼ਜ਼ਾਨਾ ਪ੍ਰਾਪਤ ਕਰ ਲੈਂਦਾ ਹੈ। ਜੇਹੜੇ ਭੀ ਗੁਰੂ ਦੀ ਸਰਨ ਆਉਂਦੇ ਹਨ, ਉਹ ਸਾਰੇ ਸਿੱਖ ਸੇਵਕ ਨਾਮ-ਖ਼ਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੁਨੀਆਂ ਦੇ ਸਹਮਾਂ ਵਲੋਂ ਨਿਡਰ ਹੋ ਜਾਂਦੇ ਹਨ, ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਜਮਾਂ ਦਾ ਸਹਮ ਮਿਟਾ ਲੈਂਦੇ ਹਨ। ਹੇ ਨਾਨਕ! ਆਖ- ਹੇ ਪ੍ਰਭੂ! ਮੇਹਰ ਕਰ, ਮੈਂ ਦਾਸ ਸਦਾ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਾਂ, ਗੁਰੂ ਦਾ ਸੇਵਕ ਬਣਿਆ ਰਹਾਂ, ਤੇ, ਸੁਰਤਿ ਜੋੜ ਕੇ ਤੇਰੀ ਭਗਤੀ ਕਰਦਾ ਰਹਾਂ।੩। ਹੇ ਪ੍ਰਭੂ ਜੀ! ਤੇਰੀ ਮੇਹਰ ਨਾਲ ਮੇਰੀ ਹਰੇਕ ਆਸ ਤੇ ਕਾਮਨਾ ਪੂਰੀ ਹੋ ਗਈ ਹੈ। ਹੇ ਪ੍ਰਭੂ ਜੀ! ਮੈਂ ਗੁਣ-ਹੀਨ ਸਾਂ, ਮੇਰੇ ਅੰਦਰ ਕੋਈ ਭੀ ਗੁਣ ਨਹੀਂ ਸੀ, ਤੇਰੇ ਅੰਦਰ ਸਾਰੇ ਹੀ ਗੁਣ ਹਨ। ਹੇ ਮੇਰੇ ਮਾਲਕ! ਤੇਰੇ ਅੰਦਰ ਸਾਰੇ ਹੀ ਗੁਣ ਹਨ। ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ? ਤੂੰ ਮੇਰਾ ਕੋਈ ਔਗੁਣ ਨਹੀਂ ਵਿਚਾਰਿਆ, ਤੂੰ ਮੇਰਾ ਕੋਈ ਗੁਣ ਨਹੀਂ ਤੱਕਿਆ, ਤੇ, ਇਕ ਛਿਨ ਵਿਚ ਹੀ ਤੂੰ ਮੇਰੇ ਉਤੇ ਮੇਹਰ ਕਰ ਦਿੱਤੀ। ਤੇਰੀ ਮੇਹਰ ਨਾਲ ਮੈਂ, ਮਾਨੋ, ਸਾਰੇ ਹੀ ਨੌ ਖ਼ਜ਼ਾਨੇ ਹਾਸਲ ਕਰ ਲਏ ਹਨ, ਮੇਰੇ ਅੰਦਰ ਆਤਮਕ ਆਨੰਦ ਦੀ ਚੜ੍ਹਦੀ ਕਲਾ ਬਣ ਗਈ ਹੈ, ਮੇਰੇ ਅੰਦਰ ਆਤਮਕ ਆਨੰਦ ਦੇ ਇਕ-ਰਸ ਵਾਜੇ ਵੱਜਣ ਲੱਗ ਪਏ ਹਨ। ਹੇ ਨਾਨਕ! ਆਖ- ਹੇ ਪ੍ਰਭੂ ਜੀ! ਮੈਂ ਤੈਨੂੰ ਖਸਮ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ, ਮੇਰੇ ਸਾਰੇ ਹੀ ਚਿੰਤਾ-ਫ਼ਿਕਰ ਲਹਿ ਗਏ ਹਨ।੪।੧।

Spread the love