ਜਰਮਨ ਵਿੱਚ ਇਕ ਗੁਰਦੁਆਰਾ ਸਾਹਿਬ ਦੇ ਵਿੱਤ ਅਤੇ ਪ੍ਰਬੰਧਨਾਂ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਇਆ ਵਿਵਾਦ ਲੜਾਈ ਦਾ ਰੂਪ ਧਰਨ ਕਰ ਗਿਆ। ਜਰਮਨੀ ਦੇ ਜਰਮਨੀ ਦੇ ਉੱਤਰੀ ਰਾਈਨ-ਵੈਸਟਫਾਲੀਆ ਦੇ ਮੋਰਸ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਲੋਕਾਂ ਵਿੱਚਕਾਰ ਹਿੰਸਕ ਝੜਪ ਹੋ ਗਈ। ਇਸ ਦੌਰਾਨ ਪੇਪਰ ਸਪਰੇਅ, ਚਾਕੂ, ਕਿਰਪਾਨਾਂ ਚੱਲੀਆਂ ਅਤੇ ਕਥਿਤ ਤੌਰ ‘ਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਜਰਮਨ ਦੇ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਇਸ ਘਟਨਾ ਵਿੱਚ ਘੱਟੋ-ਘੱਟ 11 ਲੋਕ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਇਹ ਝੜਪ ਗੁਰਦੁਆਰਾ ਸਾਹਿਬ ਦੇ ਵਿੱਤ ਅਤੇ ਪ੍ਰਬੰਧਨ ਨੂੰ ਲੈ ਕੇ ਹੋਏ ਵਿਵਾਦ ਕਾਰਨ ਹੋਈ। ਇਸ ਸਬੰਧੀ ਜਰਮਨ ਪੁਲੀਸ ਵੱਲੋਂ ਅਜੇ ਤੱਕ ਕਿਸੇ ਖਾਸ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਮੇਟੀ ਦੇ ਕੰਟਰੋਲ, ਪ੍ਰਭਾਵ ਅਤੇ ਕਥਿਤ ਵਿੱਤੀ ਅਸਹਿਮਤੀ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਆਪਸੀ ਅੰਦਰੂਨੀ ਕਲੇਸ਼ ਚਲਦਾ ਆ ਰਿਹਾ ਹੈ। ਇੱਕ ਵਿਅਕਤੀ ਨੇ ਮੀਡੀਆ ਨੁੰ ਦੱਸਿਆ, ਇਸ ਕਾਰਨ ਸਾਬਕਾ ਕਮੇਟੀ ਮੈਂਬਰਾਂ ਅਤੇ ਮੌਜੂਦਾ ਮੈਂਬਰਾਂ ਵਿਚਕਾਰ ਚੱਲ ਰਿਹਾ ਵਿਵਾਦ ਹੈ। ਇਸ ਵਿੱਚ ਭਾਈਚਾਰੇ ਦੇ ਪੈਸੇ ਦਾ ਮਾਮਲਾ ਵੀ ਸ਼ਾਮਲ ਹੈ। ਮੀਡੀਆ ਅਨੁਸਾਰ ਹਿੰਸਾ ਨੂੰ ਦੇਖਦੇ ਹੋਏ ਵੱਡੇ ਪੱਧਰ ‘ਤੇ ਪੁਲੀਸ ਕਾਰਵਾਈ ਕੀਤੀ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਡਸੇਲਡੋਰਫ ਤੋਂ ਵਿਸ਼ੇਸ਼ ਟਾਸਕ ਫੋਰਸ ਸਮੇਤ ਵੱਡੀ ਗਿਣਤੀ ਅਧਿਕਾਰੀਆਂ ਨੇ ਇਮਾਰਤ ਨੂੰ ਘੇਰ ਲਿਆ। ਭਾਰੀ ਹਥਿਆਰਬੰਦ ਕਰਮਚਾਰੀਆਂ ਨੇ ਮੋਰਚੇ ਸੰਭਾਲੇ ਜਦਕਿ ਇੱਕ ਹੈਲੀਕਾਪਟਰ ਨੇ ਹਵਾਈ ਸਹਾਇਤਾ ਪ੍ਰਦਾਨ ਕੀਤੀ। ਗੁਰਦੁਆਰਾ ਸਾਹਿਬ ਅੰਦਰ ਹਥਿਆਰਬੰਦ ਸ਼ੱਕੀ ਹੋਣ ਦੇ ਡਰੋਂ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਅਤੇ ਫਿਰ ਟਾਸਕ ਫੋਰਸ ਅਧਿਕਾਰੀਆਂ ਨੇ ਅੰਦਰ ਛਾਪਾ ਮਾਰਿਆ। ਕੋਈ ਵੀ ਬੰਦੂਕਧਾਰੀ ਨਹੀਂ ਮਿਲਿਆ, ਹਾਲਾਂਕਿ ਘੱਟੋ-ਘੱਟ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Spread the love