ਕਰੋਨਾ ਵਾਇਰਸ ਦੇ ਚਲਦਿਆਂ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਭਾਰਤ ਵਿੱਚ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਦੀ ਆਵਾਜਾਈ ‘ਤੇ ਪਾਬੰਦੀ ਵਧਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਇੱਕ ਸਰਕੂਲਰ ਜਾਰੀ ਕਰਦਿਆਂ ਕਿਹਾ ਹੈ ਕਿ ਵਿਦੇਸ਼ੀ ਉਡਾਣਾਂ ‘ਤੇ ਪਾਬੰਦੀ 31 ਜੁਲਾਈ 2021 ਤੱਕ ਵਧਾ ਦਿੱਤੀ ਗਈ ਹੈ। ਹਾਲਾਂਕਿ, ਇਹ ਆਦੇਸ਼ ਮਾਲ ਢੁਆਈ ਵਾਲੀਆਂ ਵਿਦੇਸ਼ੀ ਉਡਾਣਾਂ ਤੇ ਡੀਜੀਸੀਏ ਦੁਆਰਾ ਮਨਜ਼ੂਰ ਕੀਤੀਆਂ ਉਡਾਣਾਂ ਲਈ ਲਾਗੂ ਨਹੀਂ ਹੋਵੇਗਾ ।ਪਹਿਲਾਂ ਇਹ ਮਿਆਦ ਜੂਨ ਵਿੱਚ ਖਤਮ ਹੋ ਰਹੀ ਸੀ। ਇਸ ਸਮੇਂ ਅੰਤਰਰਾਸ਼ਟਰੀ ਮਾਰਗਾਂ ‘ਤੇ ਸਿਰਫ਼ ਸੀਮਤ ਗਿਣਤੀ ਵਿੱਚ ਉਡਾਣਾਂ ਚੱਲ ਰਹੀਆਂ ਹਨ।
ਡੀਜੀਸੀਏ ਨੇ ਕਿਹਾ ਹੈ ਕਿ ਸਮਰੱਥ ਅਥਾਰਟੀ ਦੀ ਇਜਾਜ਼ਤ ਨਾਲ ਕੁਝ ਚੋਣਵੇਂ ਅੰਤਰਰਾਸ਼ਟਰੀ ਮਾਰਗਾਂ ‘ਤੇ ਉਡਾਣਾਂ ਜਾਰੀ ਰੱਖੀਆਂ ਜਾਣਗੀਆਂ। ਹਾਲਾਂਕਿ, ਇਨ੍ਹਾਂ ਉਡਾਣਾਂ ਦੌਰਾਨ ਏਅਰਲਾਈਨਾਂ ਨੂੰ ਹਵਾਈ ਯਾਤਰਾ ਨਾਲ ਸਬੰਧਤ ਕੋਵਿਡ ਪ੍ਰੋਟੋਕੋਲ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ। ਇਸ ਸਬੰਧੀ ਏਅਰਪੋਰਟ ਅਥਾਰਟੀ ਆਫ ਇੰਡੀਆ, ਏਅਰਪੋਰਟ ਆਪਰੇਟਰ, ਬਿਊਰੋ ਆਫ ਇਮੀਗ੍ਰੇਸ਼ਨ ਨੂੰ ਵੀ ਜਾਰੀ ਕੀਤਾ ਗਿਆ ਹੈ। ਅੰਤਰਰਾਸ਼ਟਰੀ ਮਾਰਗਾਂ ‘ਤੇ ਚੋਣਵੀਆਂ ਉਡਾਣਾਂ ਵੀ ਕਰੋਨਾ ਨਿਯਮਾਂ ‘ਤੇ ਨਿਰਭਰ ਕਰਦੀਆਂ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਅਜੇ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਪਾਬੰਦੀਆਂ ਹਨ।