ਮਾਤਾ ਭਵਾਨੀ ਦੇ ਭਗਤਾਂ ਲਈ ਚੰਗੀ ਖਬਰ ਹੈ। ਕਰੋਨਾ ਕਾਰਨ ਬੰਦ ਪਏ ਮਾਂ ਚਿੰਤਪੂਰਨੀ ਮੰਦਰ ਦੇ ਦਰਬਾਰ 1 ਜੁਲਾਈ ਤੋਂ ਖੁੱਲ੍ਹਣ ਜਾ ਰਹੇ ਹਨ। ਜ਼ਿਲ੍ਹਾ ਊਨਾ ਦੇ ਡੀਸੀ ਰਾਘਵ ਸ਼ਰਮਾ ਮੁਤਾਬਿਕ ਦਰਬਾਰ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਦਰਸ਼ਨਾਂ ਲਈ ਖੁੱਲ੍ਹਾ ਰਹੇਗਾ ਜਦਕਿ ਹਵਨ, ਯੱਗ, ਭਜਨ ਮੰਡਲੀ, ਭੰਡਾਰਾ, ਲੰਗਰ ਮੰਦਰ, ਧਰਮਸ਼ਾਲਾ ਤੇ ਸੜਕ ਕੰਢੇ ਲਗਾਉਣ ‘ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਹਾਲਾਤ ਮੁਤਾਬਿਕ ਮੰਦਰ ਦੇ ਅਧਿਕਾਰੀ ਸਮਾਂ-ਹੱਦ ‘ਚ ਤਬਦੀਲੀ ਕਰ ਸਕਦੇ ਹਨ।
ਸਾਰੇ ਸ਼ਰਧਾਲੂਆਂ ਨੂੰ ਦਰਸ਼ਨ ਪਰਚੀ ਲੈਣ ਦੇ ਨਾਲ-ਨਾਲ ਕੋਵਿਡ 19 ਦੀ ਸਕ੍ਰੀਨਿੰਗ ਵੀ ਕਰਵਾਉਣੀ ਹੋਵੇਗੀ। ਇਸ ਦੇ ਨਾਲ ਹੀ ਮੰਦਰ ਵਿੱਚ ਕੇਵਲ ਪ੍ਰਸ਼ਾਦ ਹੀ ਚੜ੍ਹਾਇਆ ਜਾ ਸਕੇਗਾ। ਸ਼ਰਧਾਲੂਆਂ ਨੂੰ ਮੰਦਰ ‘ਚ ਬੈਠਣ, ਖੜ੍ਹਨ ਤੇ ਉਡੀਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਸ਼ਰਧਾਲੂਆਂ ਨੂੰ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਨ ਸਮੇਂ ਲਾਈਨ ‘ਚ ਹਰ ਸਮੇਂ ਛੇ ਫੁੱਟ ਦੀ ਸਰੀਰਕ ਦੂਰੀ ਰੱਖਣੀ ਜ਼ਰੂਰੀ ਹੋਵੇਗੀ। ਮੰਦਰ ‘ਚ ਜਾਣ ਸਮੇਂ ਹੱਥ ਤੇ ਪੈਰ ਸਾਬਣ ਨਾਲ ਧੋਣੇ ਪੈਣਗੇ।