7 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਭਰ ਦੇ ਕਿਸਾਨ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਹਨ। 26 ਜਨਵਰੀ ਤੋਂ ਬਾਅਦ ਕਿਸਾਨਾਂ ਨੇ ਸਰਕਾਰ ‘ਤੇ ਦਬਾਅ ਪਾਉਣ ਲਈ ਕੋਈ ਵੱਡਾ ਪ੍ਰੋਗਰਾਮ ਨਹੀਂ ਦਿੱਤਾ ਸੀ ਤੇ ਪਿੱਛੇ ਜਿਹੇ ਕਿਸਾਨਾਂ ਨੇ ਸੰਸਦ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ ਪਰ ਕਰੋਨਾ ਮਹਾਂਮਾਰੀ ਕਰਕੇ ਉਸਨੂੰ ਟਾਲ ਦਿੱਤਾ ਗਿਆ ਪਰ ਹੁਣ ਖ਼ਬਰ ਆ ਰਹੀ ਹੈ ਕਿ ਇਸ ਮਾਨਸੂਨ ਸੈਂਸਨ ਦੌਰਾਨ ਕਿਸਾਨ ਸੰਸਦ ਘੇਰਣਗੇ ਦਰਅਸਲ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚਡੂਨੀ ਨੇ ਇੱਕ ਵੀਡੀਓ ਜਾਰੀ ਕਰ ਲੋਕਾਂ ਤੋ ਰਾਏ ਮੰਗੀ ਹੈ ਕਿ ਸਾਨੂੰ ਸੰਸਦ ਘੇਰਨੀ ਚਾਹੀਦੀ ਹੈ ਜਾਂ ਨਹੀਂ।

ਚਡੂਨੀ ਨੇ ਕਿਹਾ ਕਿ ਮੁੱਦਾ ਇਹ ਹੈ ਕਿ ਲੰਮੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਪੁੱਛਿਆ ਜਾ ਰਿਹਾ ਸੀ ਕਿ ਅੱਗੇ ਕੀ ਕਰੋਗੇ। ਉਨ੍ਹਾਂ ਕਿਹਾ ਕਿ 19 ਜੁਲਾਈ ਤੋਂ 9 ਅਗਸਤ ਤੱਕ ਸੈਸ਼ਨ ਚੱਲਣਾ ਹੈ। ਇਸ ਲਈ ਸਾਨੂੰ ਸੰਸਦ ਕੂਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ 9 ਮੈਂਬਰੀ ਕਮੇਟੀ ‘ਚ ਇਹ ਗੱਲ ਰੱਖੀ ਸੀ ਕਿ ਇਸ ਸੈਸ਼ਨ ਦੌਰਾਨ ਸਾਨੂੰ ਸੰਸਦ ਕੂਚ ਕਰ ਦੇਣਾ ਚਾਹੀਦਾ।

ਉਨ੍ਹਾਂ ਲੋਕਾਂ ਤੋਂ ਰਾਏ ਮੰਗੀ ਹੈ ਕੀ ਸਾਨੂੰ ਸੰਸਦ ਕੂਚ ਕਰਨਾ ਚਾਹੀਦਾ ਹੈ ਜਾਂ ਨਹੀਂ।ਚਡੂਨੀ ਨੇ ਕਿਹਾ ਕਿ ਅੰਦੋਲਨ ਲੋਕਾਂ ਲਈ ਹੈ ਅਤੇ ਉਨ੍ਹਾਂ ਨੇ ਹੀ ਕਰਨਾ ਹੈ। ਇਸ ਲਈ ਲੋਕਾਂ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ। ਲੋਕਾਂ ਦੀ ਰਾਏ ਸਾਰੇ ਨੇਤਾਵਾਂ ਕੋਲ ਜਾਵੇਗੀ, ਫ਼ਿਰ ਸਹਿਮਤੀ ਬਣਾਉਣਾ ਉਨ੍ਹਾਂ ਦਾ ਕੰਮ ਹੈ। ਚਡੂਨੀ ਨੇ ਕਿਹਾ ਕਿ ਸਾਰੇ ਲੋਕਾਂ ਦੀ ਰਾਏ ਆਉਣ ਤੋਂ ਬਾਅਦ ਤੁਹਾਡੇ ਵਿਚਾਰ ਸੰਯੁਕਤ ਮੋਰਚੇ ਕੋਲ ਰੱਖੇ ਜਾਣਗੇ, ਫਿਰ ਜੋ ਫ਼ੈਸਲਾ ਮੋਰਚਾ ਲਵੇਗਾ, ਫਿਰ ਦੇਖਿਆ ਜਾਵੇਗਾ।

Spread the love