ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਸੈਂਕੜਾ ਲਾਉਣ ਤੋਂ ਬਾਅਦ ਹੁਣ ਦੁੱਧ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ। ਪੰਜਾਬ ਵਿੱਚ ਵੇਰਕਾ ਕੰਪਨੀ ਨੇ ਦੁੱਧ ਦੇ ਰੇਟਾਂ ਵਿੱਚ ਦੋ ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ । ਨਵੇਂ ਰੇਟਾਂ ਦੇ ਮੁਤਾਬਿਕ ਤੁਹਾਨੂੰ ਹਰੇ ਪੈਕੇਟ ਵਾਲਾ ਦੁੱਧ 50 ਦੀ ਜਗ੍ਹਾ 52 ਰੁਪਏ ਪ੍ਰਤੀ ਕਿਲੋ ਜਦਕਿ ਪੀਲਾ ਪੈਕੇਟ ਵਾਲਾ ਦੁੱਧ 40 ਰੁਪਏ ਦੀ ਬਜਾਏ 42 ਰੁਪਏ ਪ੍ਰਤੀ ਕਿਲੋ ਮਿਲੇਗਾ ਜਦੋਂ ਕਿ ਸੰਤਰੀ ਪੈਕੇਟ ਵਾਲਾ ਦੁੱਧ 54 ਰੁਪਏ ਦੀ ਜਗ੍ਹਾ 56 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲੇਗਾ।

ਮਹਿੰਗਾਈ ਨੇ ਘਰ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਦੁੱਧ ਦੀਆਂ ਕੀਮਤਾਂ ਤਾਂ ਵਧੀਆਂ ਹੀ ਹਨ, ਇਸ ਤੋਂ ਇਲਾਵਾ ਪਿਛਲੇ ਦਿਨਾਂ ਵਿੱਚ ਦਹੀਂ ਤੇ ਪਨੀਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਸੀ। ਸਰੋਂ ਦਾ ਤੇਲ ਜੋ ਘਰ ਦੀ ਰਸੋਈ ਵਿੱਚ ਸਭ ਤੋਂ ਵੱਧ ਵਰਤੋਂ ਵਿੱਚ ਆਉਂਦਾ ਹੈ, ਉਸ ਦੀਆਂ ਕੀਮਤਾਂ ਵੀ ਆਸਮਾਨ ਛੂਹ ਚੁੱਕੀਆਂ ਹਨ। ਸਰੋਂ ਦਾ ਤੇਲ 200 ਰੁਪਏ ਤੋਂ ਲੈ ਕੇ 250 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

Spread the love