ਸੁਖਬੀਰ ਸਿੰਘ ਬਾਦਲ ਨੇ ਅੱਜ ਤਿੰਨ ਥਾਵਾਂ ‘ਤੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਰੇਡ ਮਾਰੀ ਹੈ। ਲਾਈਵ ਰੇਡ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਨਾਜ਼ਾਇਜ਼ ਮਾਈਨਿੰਗ ਦੇ ਇਲਜ਼ਾਮ ਲਗਾਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਪਰਚਿਆਂ ਦਾ ਡਰ ਨਹੀਂ ਹੈ, ਪੂਰੇ ਪੰਜਾਬ ‘ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਕਰਾਂਗਾ।

ਹੁਸ਼ਿਆਰਪੁਰ ਜ਼ਿਲ੍ਹੇ ਮੁਕੇਰੀਆਂ ‘ਚ ਨਾਜਾਇਜ਼ ਮਾਈਨਿੰਗ ‘ਤੇ ਰੇਡ ਮਾਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਮੁਕੇਰੀਆਂ ‘ਚ ਛਾਪੇ ਮਾਰ ਕੇ ਹਾਲਾਤ ਵੇਖ ਬੜਾ ਹੀ ਦੁੱਖ ਲੱਗਿਆ ਕਿ ਸਾਰੇ ਨਿਯਮ ਅਤੇ ਕਾਨੂੰਨ ਛਿੱਕੇ ਟੰਗ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਮੰਤਰੀ ਸੁੱਖ ਸਰਕਾਰੀਆ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਰੇਤ ਦੀ ਨਾਜਾਇਜ਼ ਖ਼ੁਦਾਈ ਕਰ ਰਹੇ ਹਨ।

ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਸੁੱਖ ਸਰਕਾਰੀਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹੋ ਜਿਹਾ ਕਿਹੜਾ ਕਾਨੂੰਨ ਹੈ ਜਿਸ ’ਚ ਲਿਖਿਆ ਹੈ ਕਿ ਤੁਸੀਂ 200 ਫੁੱਟ ਤੱਕ ਜ਼ਮੀਨ ਪੁੱਟ ਸਕਦੇ ਹੋ। ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਾਈਨਿੰਗ ਜਾਇਜ਼ ਹੁੰਦੀ ਤਾਂ ਇਥੇ ਮੌਜੂਦ ਟਰੱਕ ਡਰਾਈਵਰ ਅਤੇ ਹੋਰ ਲੋਕ ਉਨ੍ਹਾਂ ਦੇ ਆਉਣ ਦੀ ਖ਼ਬਰ ਸੁਣ ਕੇ ਭੱਜਦੇ ਨਾ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ’ਚ ਰੇਡ ਕਰਨ ਤੋਂ ਬਾਅਦ ਮੇਰੇ ’ਤੇ ਇਕ ਪਰਚਾ ਦਰਜ ਕੀਤਾ ਗਿਆ ਪਰ ਹੁਣ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਹੁਣ ਦੂਜਾ ਪਰਚਾ ਤਿਆਰ ਰੱਖੋ।

ਗੌਰਤਲਬ ਹੈ ਕਿ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਬਿਆਸ ਦਰਿਆ ‘ਤੇ ਹੋ ਰਹੀ ਮਾਈਨਿੰਗ ਤੇ ਕੀਤੀ ਗਈ ਛਾਪੇਮਾਰੀ ਦੇ ਸਬੰਧ ਵਿੱਚ ਥਾਣਾ ਬਿਆਸ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

Spread the love