ਪੰਜਾਬ ਵਿੱਚ ਬਿਜਲੀ ਸੰਕਟ ਦਾ ਮੁੱਦਾ ਲਗਾਤਾਰ ਭੱਖਦਾ ਜਾ ਰਿਹਾ ਹੈ। ਤੇ ਕੈਪਟਨ ਸਰਕਾਰ ਵੀ ਇਸ ‘ਤੇ ਚਾਰ ਚੁਫੇਰਿਓਂ ਘਿਰੀ ਹੋਈ ਹੈ। ਆਮ ਲੋਕਾਂ ਦੇ ਨਾਲ – ਨਾਲ ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਘੇਰਾ ਹੋਇਆ। ਅਜਿਹੇ ਵਿੱਚ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਇੱਕ ਟਵੀਟ ਕਰਦੇ ਨੇ, ਜਿਸ ਵਿੱਚ ਕੈਪਟਨ ਸਰਕਾਰ ਨੂੰ ਬਿਜਲੀ ਸਮੱਸਿਆ ਦੇ ਹੱਲ ਲਈ ਸਲਾਹ ਦਿੰਦੇ ਹਨ ।
ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋ ਦਿੱਤੇ ਲੋਕ ਪੱਖੀ 18 ਨੁਕਾਤੀ ਏਜੰਡੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਬਾਦਲਾਂ ਵੱਲੋਂ ਦਸਤਖ਼ਤ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਕੇ ਕੀਤੀ ਜਾਵੇ। ਇਸ ਲਈ ਪੰਜਾਬ ਵਿਧਾਨ ਸਭਾ ਵੱਲੋਂ ਸੈਸ਼ਨ ਸੱਦ ਕੇ ਰਾਸ਼ਟਰੀ ਪਾਵਰ ਐਕਸਚੇਂਜ ਮੁਤਾਬਿਕ ਬਿਜਲੀ ਕੀਮਤਾਂ ਬਿਨਾਂ ਕਿਸੇ ਬੱਝੀ ਲਾਗਤ ਤੋਂ ਤੈਅ ਕਰਨ ਲਈ ਕਾਨੂੰਨ ਬਣਾਇਆ ਜਾਵੇ।
ਸਿੱਧੂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ 9000 ਕਰੋੜ ਰੁਪਏ ਸਬਸਿਡੀ ਦੇ ਰਿਹਾ ਹੈ ਪਰ ਸਾਨੂੰ ਇਸ ਤੋਂ ਅੱਗੇ ਵਧ ਕੇ ਅਧਿਭਾਰ (surcharge) ਕਾਰਨ ਵਧੀ ਬਿਜਲੀ ਕੀਮਤ 10-12 ਰੁਪਏ ਪ੍ਰਤੀ ਯੂਨਿਟ ਦੀ ਬਜਾਏ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ 3-5 ਰੁਪਏ ਪ੍ਰਤੀ ਯੂਨਿਟ ਦੇ ਨਾਲ-ਨਾਲ 300 ਯੂਨਿਟ ਮੁਫ਼ਤ ਅਤੇ 24 ਘੰਟੇ ਬਿਜਲੀ ਸਪਲਾਈ ਲਾਜ਼ਮੀ ਦੇਣੀ ਚਾਹੀਦੀ ਹੈ। ਇਹ ਹੋਣਾ ਹੀ ਚਾਹੀਦਾ ਹੈ ਅਤੇ ਇਹ ਸਾਰੇ ਟੀਚੇ ਅਸੰਭਵ ਨਹੀਂ ਹਨ ।