ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ 23 ਜੁਲਾਈ ਤੋਂ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਹੁਣ ਓਲੰਪਿਕ ਖੇਡਾਂ ਦਾ ਆਯੋਜਨ ਐਮਰਜੈਂਸੀ ਵਿੱਚ ਕੀਤਾ ਜਾਵੇਗਾ ।

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਟੋਕੀਓ ਵਿੱਚ ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਸ਼ਹਿਰ ‘ਚ ਐਮਰਜੈਂਸੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਟੋਕੀਓ ਓਲੰਪਿਕ ‘ਚ ਦਰਸ਼ਕਾਂ ਦੇ ਆਉਣ ‘ਤੇ ਪਾਬੰਦੀ ਲਾਉਣ ਦੀ ਸੰਭਾਵਨਾ ਹੈ।

ਇਹ ਐਲਾਨ ਅਜਿਹੇ ਸਮੇਂ ਵਿੱਚ ਹੋਇਆ ਹੈ, ਜਦੋਂ ਅੰਤਰਰਾਸ਼ਟਰੀ ਓਲੰਪਿਕ ਸੰਮਤੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਵੀਰਵਾਰ ਟੋਕੀਓ ਪਹੁੰਚ ਗਏ। ਸੁਗਾ ਨੇ ਕਿਹਾ ਕਿ ਸੋਮਵਾਰ ਤੋਂ ਐਮਰਜੈਂਸੀ ਸਥਿਤੀ ਲਾਗੂ ਹੋ ਜਾਵੇਗੀ ਤੇ 22 ਅਗਸਤ ਤੱਕ ਰਹੇਗੀ। ਇਸ ਦਾ ਮਤਲਬ ਹੋਇਆ ਕਿ 23 ਜੁਲਾਈ ਤੋਂ ਸ਼ੁਰੂ ਹੋ ਕੇ 8 ਅਗਸਤ ਤੱਕ ਚੱਲਣ ਵਾਲੀਆਂ ਓਲੰਪਿਕ ਖੇਡਾਂ ਦਾ ਆਯੋਜਨ ਪੂਰੀ ਤਰ੍ਹਾਂ ਐਮਰਜੈਂਸੀ ਦਰਮਿਆਨ ਹੋਵੇਗਾ।

ਪਿਛਲੇ ਦੋ ਦਿਨਾਂ ਤੋਂ ਟੋਕੀਓ ਵਿੱਚ ਕਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ ਟੋਕੀਓ ਵਿੱਚ ਕਰੋਨਾ ਦੇ 896 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟੋਕੀਓ ਵਿੱਚ ਕੋਵਿਡ-19 ਦੇ 920 ਮਾਮਲੇ ਸਾਹਮਣੇ ਆਏ ਸਨ, ਜੋ 13 ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ।

Spread the love