ਜੋਤੀਰਾਦਿੱਤਿਆ ਸਿੰਧੀਆਂ (Jyotiraditya Scindia) ਦੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਕਿਸੇ ਨੇ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਹੈ |

ਮਿਲੀ ਜਾਣਕਾਰੀ ਮੁਤਾਬਿਕ 7 ਜੁਲਾਈ ਦੀ ਦੇਰ ਰਾਤ ਤਕਰੀਬਨ 12:14 ਵਜੇ ਭਾਰਤ ਸਰਕਾਰ ਦੇ ਕੇਂਦਰੀ ਸ਼ਹਿਰੀ ਅਤੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਅਧਿਕਾਰਤ ਫੇਸਬੁੱਕ ਪੇਜ ਅਣਪਛਾਤੇ ਵਿਅਕਤੀਆਂ ਨੇ ਹੈਕ ਕਰ ਲਿਆ ਸੀ ਅਤੇ ਇਸ ‘ਤੇ ਇਤਰਾਜ਼ਯੋਗ ਪੋਸਟਾਂ ਪੋਸਟ ਕੀਤੀਆਂ ਗਈਆਂ ਸਨ। ਇਸ ਸਮੇਂ ਦੌਰਾਨ ਹੈਕਰ ਨੇ ਸਿੰਧੀਆ ਦੀਆਂ ਪੁਰਾਣੀਆਂ ਵੀਡੀਓਜ਼ ਅਪਲੋਡ ਕੀਤੀਆਂ ਸਨ ਜਿਸ ਵਿੱਚ ਉਹ ਇੱਕ ਕਾਂਗਰਸੀ ਨੇਤਾ ਵਜੋਂ ਭਾਜਪਾ ਵਿਰੁੱਧ ਬਿਆਨ ਦਿੰਦੇ ਦਿਖਾਈ ਦੇ ਰਹੇ ਹਨ।

ਹਾਲਾਂਕਿ, ਸਿੰਧੀਆ ਦੀ ਸੋਸ਼ਲ ਮੀਡੀਆ ਟੀਮ ਨੇ ਬਿਨਾਂ ਕਿਸੇ ਦੇਰੀ ਦੇ ਮੌਕਾ ਸੰਭਾਲ ਲਿਆ ਤੇ ਉਸ ਤੋਂ ਬਾਅਦ ਵਿਵਾਦਗ੍ਰਸਤ ਵੀਡੀਓ ਨੂੰ ਟਾਈਮਲਾਈਨ ਤੋਂ ਹਟਾ ਦਿੱਤਾ ਗਿਆ ਅਤੇ ਮੁੜ ਪੇਜ ਨੂੰ ਰਿਕਵਰ ਕਰ ਲਿਆ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਗਵਾਲੀਅਰ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਐੱਫਆਈਆਰ ਦਰਜ ਕਰ ਲਈ ਹੈ।

ਇਸ ਮਾਮਲੇ ਵਿੱਚ ਵਿਵਾਦ ਹੋਰ ਤੇਜ਼ ਹੁੰਦਾ ਜਾ ਰਿਹਾ ਹੈ ਕਿਉਂਕਿ ਸਿੰਧੀਆ ਇੱਕ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਨ। ਅਜਿਹੀ ਸਥਿਤੀ ਵਿੱਚ ਹੁਣ ਜਦੋਂ ਉਹ ਭਾਜਪਾ ਵਿੱਚ ਹਨ ਅਤੇ ਕੇਂਦਰੀ ਮੰਤਰੀ ਵਜੋਂ ਕੰਮ ਕਰਨ ਜਾ ਰਹੇ ਹਨ ਤਾਂ ਇਸ ਤਰ੍ਹਾਂ ਵਾਇਰਲ ਹੋ ਰਹੀ ਉਨ੍ਹਾਂ ਦੀ ਪੁਰਾਣੀ ਵੀਡੀਓ ਨੇ ਸਾਰਿਆਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਸ ਮਾਮਲੇ ਸੰਬਧੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਈਟੀ ਐਕਟ ਦੀ ਧਾਰਾ 66 ਅਤੇ ਧਾਰਾ 66 (ਸੀ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਮੰਤਰੀ ਦਾ ਫੇਸਬੁੱਕ ਖਾਤਾ ਹੈਕ ਕੀਤਾ ਗਿਆ ਹੋਵੇ। ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਪਿਛਲੇ ਦਿਨੀਂ ਕਈ ਦਿੱਗਜਾਂ ਦੇ ਫੇਸਬੁੱਕ, ਟਵਿੱਟਰ ਖਾਤੇ ਹੈਕ ਕੀਤੇ ਜਾ ਚੁੱਕੇ ਹਨ।

Spread the love