ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਸਰਊ ਦੇ ਗੁਪਕਾਰ ਘਾਟ ‘ਚ ਇਸ਼ਨਾਨ ਕਰਦੇ ਸਮੇਂ ਇੱਕੋ ਪਰਿਵਾਰ ਦੇ 12 ਜੀਆਂ ਦੇ ਡੁੱਬਣ ਨਾਲ ਭੱਜ-ਦੌੜ ਮੱਚ ਗਈ। ਸੂਚਨਾ ਮਿਲਣ ‘ਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਗਏ । ਇਸ ਦੌਰਾਨ 6 ਜੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਦੌਰਾਨ ਤਿੰਨ ਹੋਰ ਪਰਿਵਾਰਕ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਫ਼ਿਲਹਾਲ ਹੋਰ ਮੈਂਬਰ ਅਜੇ ਲਾਪਤਾ ਹਨ। ਫ਼ੌਜ ਦੀ ਟੀਮ ਵੀ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ।

ਘਟਨਾ ਦੌਰਾਨ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਸਥਾਨਕ ਕਿਸ਼ਤੀਆਂ ਵਾਲੇ ਅਤੇ ਸ਼ਰਧਾਲੂ ਮੌਕੇ ‘ਤੇ ਪਹੁੰਚ ਗਏ। ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨਿਕ ਅਮਲਾ ਵੀ ਮੌਕੇ ‘ਤੇ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਫ਼ੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਅਯੁੱਧਿਆ ਦੇ ਡੀ ਐੱਮ ਅਨੁਜ ਕੁਮਾਰ ਦਾ ਕਹਿਣਾ ਹੈ ਕਿ ਮੁਹਿੰਮ ਹੋਰ ਲੋਕਾਂ ਨੂੰ ਬਚਾਉਣ ਲਈ ਚਲਾਈ ਜਾ ਰਹੀ ਹੈ।

ਹਾਦਸਾ ਉਦੋਂ ਵਾਪਰਿਆ, ਜਦੋਂ ਪਰਿਵਾਰ ਇਸ਼ਨਾਨ ਕਰਨ ਲਈ ਅਯੁੱਧਿਆ ਦੇ ਗੁਪਕਾਰ ਘਾਟ ਪਹੁੰਚਿਆ ਸੀ । ਹਾਦਸੇ ਵਿੱਚ ਬਚਾਏ ਗਏ ਤਿੰਨ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਅਤੇ ਸਥਾਨਕ ਗੋਤਾਖੋਰ ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਕਾਰਜ ਵਿੱਚ ਜੁਟੇ ਹੋਏ ਹਨ। ਇਹ ਪਰਿਵਾਰ ਆਗਰਾ ਜ਼ਿਲ੍ਹੇ ਦੇ ਸਿਕੰਦਰ ਥਾਣਾ ਖੇਤਰ ਦੇ ਸ਼ਾਸਤਰੀ ਨਗਰ ਦਾ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਆਗਰਾ ਦੇ ਇਨ੍ਹਾਂ ਚਾਰ ਪਰਿਵਾਰਾਂ ਦੇ ਲੋਕ ਸ਼ੁੱਕਰਵਾਰ ਸਵੇਰੇ ਅਯੁੱਧਿਆ ਪਹੁੰਚੇ ਸਨ।

Spread the love