ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ (Prem Dhillon) ਦੇ ਘਰ ਗੈਂਗਸਟਰ ਪ੍ਰੀਤ ਸੇਖੋਂ ਵੱਲੋਂ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰੇਮ ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਗੈਂਗਸਟਰ ਪ੍ਰੀਤ ਸੇਖੋਂ ਨੇ 10 ਲੱਖ ਦੀ ਫਿਰੌਤੀ ਮੰਗੀ ਹੈ। ਤੁਹਾਨੂੰ ਦੱਸ ਦਈਏ 13 ਜੁਲਾਈ ਦੀ ਰਾਤ ਨੂੰ ਇੱਕ ਸਵਿਫਟ ਕਾਰ ’ਚ ਬੈਠੇ ਦੋ ਬਦਮਾਸ਼ਾਂ ਨੇ ਪ੍ਰੇਮ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਦੇ ਘਰ ਗੋਲੀਆਂ ਚਲਾਈਆਂ। ਗੋਲੀਆਂ ਚਲਾਉਣ ਤੋਂ ਬਾਅਦ ਜਦੋਂ ਤੱਕ ਪ੍ਰੇਮ ਢਿੱਲੋਂ ਦੇ ਘਰਦੇ ਘਰੋਂ ਬਾਹਰ ਨਿਕਲਦੇ ,ਤਾਂ ਦੋਵੇਂ ਦੋਸ਼ੀ ਫਰਾਰ ਹੋ ਚੁੱਕੇ ਸਨ।
ਫੋਨ ’ਤੇ ਫਿਰੌਤੀ ਮੰਗਣ ਤੇ ਘਰ ’ਤੇ ਗੋਲੀਆਂ ਚਲਾਉਣ ਦੇ ਪਿੱਛੇ ਗੈਂਗਸਟਰ ਪ੍ਰੀਤ ਸੇਖੋਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੱਸ ਦੇਈਏ ਕਿ ਗੈਂਗਸਟਰ ਪ੍ਰੀਤ ਸੇਖੋਂ ਦਾ ਪਿਛੋਕੜ ਵੀ ਕਤਲ ਕਾਂਡ ਤੇ ਗੋਲੀਆਂ ਚਲਾਉਣ ਤੇ ਗੁੰਡਾਗਰਦੀ ਵਾਲਾ ਹੀ ਹੈ। ਇਥੇ ਤੱਕ ਕਿ ਗੈਂਗਸਟਰ ਪ੍ਰੀਤ ਸੇਖੋਂ ਕਈ ਥਾਣਿਆਂ ਦੀ ਪੁਲਿਸ ਵੱਲੋਂ ਭਗੌੜਾ ਚੱਲ ਰਿਹਾ ਹੈ।
ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਥਾਣਾ ਬਿਆਸ ਦੀ ਪੁਲਿਸ ਨੇ ਪ੍ਰੇਮ ਢਿੱਲੋਂ ਦੇ ਪਿਤਾ ਦੀ ਸ਼ਿਕਾਇਤ ’ਤੇ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ’ਤੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਅੰਮ੍ਰਿਤਸਰ ’ਚ ਰਹਿ ਰਿਹਾ ਪ੍ਰੇਮ ਢਿਲੋਂ ਦਾ ਪਰਿਵਾਰ ਡਰ ਨਾਲ ਸਹਿਮਿਆ ਹੋਇਆ ਹੈ।