ਰੋਹਬਦਾਰ ਅਦਾਕਾਰੀ ਨਾਲ ਪੰਜਾਬੀ ਸਿਨੇਮਾ ਵਿੱਚ ਇੱਕ ਖਾਸ ਪਹਿਚਾਣ ਬਣਾਉਣ ਵਾਲੇ ਹੌਬੀ ਧਾਲੀਵਾਲ ਦਰਸ਼ਕਾਂ ਦੇ ਚਹੇਤੇ ਅਦਾਕਾਰ ਹਨ। ਬਾਲੀਵੁੱਡ ਤਰਾਨੇ ‘ਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਦਾ ਪੁੱਤਰ ਜੈ ਪਾਲ ਸਿੰਘ ਧਾਲੀਵਾਲ ਹੁਣ ਬਾਲੀਵੁੱਡ ਵਿੱਚ ਨਜ਼ਰ ਆਵੇਗਾ।
ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਬੈਨਰ ਹੇਠ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵੱਲੋਂ ਨਿਰਦੇਸ਼ਤ ਹਿੰਦੀ ਫ਼ਿਲਮ ‘ ਸੀਜ਼ਿਰ –ਦਾ ਕੈਚੀ ’ ਵਿੱਚ ਉਸਦੀ ਅਹਿਮ ਭੂਮਿਕਾ ਹੈ। ਇਹ ਫ਼ਿਲਮ ਹਾਰਰ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਦਾ ਡਰਾਵਣੇ ਰੂਪ ਦੀ ਕਾਮੇਡੀ ਨਾਲ ਮਨੋਰੰਜਨ ਕਰੇਗੀ।
ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ‘ਸੀਜ਼ਿਰ –ਦਾ ਕੈਚੀ’ ਬਾਰੇ ਗੱਲ ਕਰਦਿਆਂ ਜੈ ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਸਮਾਜ ਨੂੰ ਵਹਿਮਾਂ ਭਰਮਾਂ ਪ੍ਰਤੀ ਜਾਗਰੂਕ ਕਰਦੀ ਇੱਕ ਪਰਿਵਾਰਕ ਕਹਾਣੀ ਅਧਾਰਤ ਹੈ। ਇਕ ਹੋਰ ਗੱਲ ਕਿ ਸੁਰਾਂ ਦੇ ਸਿਕੰਦਰ ਮਰਹੂਮ ਫ਼ਨਕਾਰ ‘ਸਰਦੂਲ ਸਿਕੰਦਰ ਦੇ ਪੁੱਤਰ ਵੀ ਇਸ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ।
ਇਸ ਫ਼ਿਲਮ ਦੇ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਹਨ।ਹੌਬੀ ਧਾਲੀਵਾਲ ਦਾ ਕਹਿਣਾ ਹੈ ਕਿ ਬੇਟਾ ਜੈ ਪਾਲ ਸਿੰਘ ਧਾਲੀਵਾਲ ਕਲਾ ਦੇ ਖੇਤਰ ਵਿੱਚ ਪੂਰੀ ਤਿਆਰੀ ਨਾਲ ਆ ਰਿਹਾ ਹੈ। ਅਦਾਕਾਰੀ ਨਾਲ ਉਸਦਾ ਸ਼ੁਰੂ ਹੀ ਮੋਹ ਰਿਹਾ ਹੈ। ਉਸਨੇ ਬਹੁਤ ਮੇਹਨਤ ਅਤੇ ਲਗਨ ਨਾਲ ਅਦਾਕਾਰੀ ਦਾ ਰਾਹ ਚੁਣਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਉਸਦੀ ਅਦਾਕਾਰੀ ਨੂੰ ਪਸੰਦ ਕਰਨਗੇ ਅਤੇ ਉਸਦਾ ਹੌਸਲਾ ਵਧਾਉਣਗੇ।