ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਛੁਕ ਪ੍ਰੀਖਿਆਰਥੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਕਾਦਮਿਕ ਸੈਸ਼ਨ 2021-22 ਦੀ ਦੂਜੀ ਤਿਮਾਹੀ ਵਿੱਚ ਕਰਵਾਈ ਜਾਣ ਵਾਲੀ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਈ ਪ੍ਰੀਖਿਆ ਫ਼ਾਰਮ ਅਤੇ ਫ਼ੀਸ ਭਰਨ ਦੀਆਂ ਮਿਤੀਆਂ ਵਿੱਚ ਮੁੜ ਵਾਧਾ ਕੀਤਾ ਗਿਆ ਹੈ।

ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸ਼੍ਰੀ ਜੇ.ਆਰ. ਮਹਿਰੋਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸੈਸ਼ਨ 2021-22 ਦੀ ਦੂਜੀ ਤਿਮਾਹੀ ਵਿੱਚ ਲਈ ਜਾਣ ਵਾਲੀ ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਦੇਣ ਦੇ ਇੱਛੁਕ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫ਼ਾਰਮ ਸਮੇਤ ਪ੍ਰੀਖਿਆ ਫ਼ੀਸ ਭਰਨ ਦੀ ਆਖ਼ਰੀ ਮਿਤੀ 30 ਜੂਨ 2021 ਨਿਰਧਾਰਤ ਕੀਤੀ ਗਈ ਸੀ, ਜਿਸ ਵਿੱਚ ਖੇਤਰ ਵਿੱਚੋਂ ਆਈ ਮੰਗ ਅਨੁਸਾਰ 12 ਜੁਲਾਈ 2021 ਦਾ ਵਾਧਾ ਕੀਤਾ ਗਿਆ । ਪਰ ਅਜੇ ਵੀ ਬਹੁਤ ਸਾਰੇ ਪ੍ਰੀਖਿਆ ਫ਼ਾਰਮ ਅਤੇ ਪ੍ਰੀਖਿਆ ਫ਼ੀਸ ਭਰਨ ਤੋਂ ਵਾਂਝੇ ਰਹਿ ਗਏੇ ਹਨ।

ਪ੍ਰੀਖਿਆਰਥੀਆਂ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਮੰਗ ਤੇ ਵਿਚਾਰ ਕਰਨ ਉਪਰੰਤ ਸਿੱਖਿਆ ਬੋਰਡ ਵੱਲੋਂ ਇਸ ਪ੍ਰੀਖਿਆ ਲਈ ਫ਼ਾਰਮ ਅਤੇ ਪਰੀਖਿਆ ਫ਼ੀਸ ਭਰਨ ਦੀਆਂ ਮਿਤੀਆਂ ਵਿੱਚ ਮੁੜ 06 ਅਗਸਤ 2021 ਤੱਕ ਦਾ ਵਾਧਾ ਕੀਤਾ ਗਿਆ ਹੈ।

ਕੰਟਰੋਲਰ ਪਰੀਖਿਆਵਾਂ ਮੁਤਾਬਿਕ ਪ੍ਰੀਖਿਆ ਫ਼ਾਰਮ ਅਤੇ ਫ਼ੀਸ ਭਰਨ ਦੇ ਨਿਯਮ ਅਤੇ ਸਰਤਾਂ ਪਹਿਲਾਂ ਵਾਲੇ ਹੀ ਰਹਿਣਗੇ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਉਪਲਬਧ ਹਨ।

ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਇਸ ਪ੍ਰੀਖਿਆ ਦੀਆਂ ਮਿਤੀਆਂ ਸਬੰਧੀ ਫ਼ੈਸਲਾ ਬਾਅਦ ਵਿੱਚ ਲਿਆ ਜਾਵੇਗਾ ਜਿਸ ਸਬੰਧੀ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਵੱਖ-ਵੱਖ ਅਖ਼ਬਾਰਾਂ ਅਤੇ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਰਾਹੀਂ ਸੂਚਨਾਂ ਉਪਲਬਧ ਕਰਵਾਈ ਜਾਵੇਗੀ।

Spread the love