ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਚਿੜੀਆਘਰ ਛੱਤਬੀੜ ਅਤੇ ਚਾਰ ਹੋਰ ਚਿੜੀਆਘਰ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਨੀਲੋ ਨੂੰ ਮਿਤੀ 20 ਜੁਲਾਈ 2021 ਤੋਂ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਛੱਤਬੀੜ ਚਿੜੀਆਘਰ ਦੇ ਡਾਇਰੈਕਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਅਤੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਚਿੜੀਆਘਰ ਆਮ ਦਰਸ਼ਕਾਂ ਲਈ ਕੋਵਿਡ ਰੋਕਥਾਮ ਲਈ ਸ਼ਰਤਾਂ ਅਨੁਸਾਰ ਖੋਲ੍ਹੇ ਜਾਣਗੇ।

ਉਨ੍ਹਾਂ ਦੱਸਿਆ ਕਿ ਛਤਬੀੜ ਅਤੇ ਦੂਜੇ ਚਿੜੀਆਘਰ ਹਫ਼ਤੇ ਵਿਚ 6 ਦਿਨ (ਸੋਮਵਾਰ ਨੂੰ ਬੰਦ) ਜਨਤਾ ਲਈ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ (9.00 ਸਵੇਰ ਤੋਂ ਸ਼ਾਮ 5 ਵਜੇ ਤੱਕ ਦੀ ਥਾਂ ਤੇ) ਖੁੱਲਣਗੇ। ਕੋਵਿਡ-19 ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਦਰਸ਼ਕਾਂ ਦਾ ਪ੍ਰਵੇਸ਼ ਸਵੇਰੇ 09:30 ਵਜੇ ਸ਼ੁਰੂ ਹੋਵੇਗਾ।

ਸਵੇਰ 09:30 ਵਜੇ ਤੋਂ 11:30 ਵਜੇ ਤੱਕ ਵੱਧ ਤੋਂ ਵੱਧ 1800 ਦਰਸ਼ਕਾਂ,ਸਵੇਰ 11:30 ਵਜੇ ਤੋਂ 12:00 ਵਜੇ ਤੱਕ ਸੈਨੀਟਾਈਜੇਸ਼ਨ ਦਾ ਸਮਾਂ,ਦੁਪਹਿਰ 12:00 ਵਜੇ ਤੋਂ 02:00 ਵਜੇ ਤੱਕ ਵੱਧ ਤੋਂ ਵੱਧ 1800 ਦਰਸ਼ਕ ਲਈ, ਦੁਪਹਿਰ 02:00 ਵਜੇ ਤੋਂ 12.30 ਵਜੇ ਸੈਨੀਟਾਈਜੇਸ਼ਨ ਦਾ ਸਮਾਂ, ਦੁਪਹਿਰ 02:30 ਵਜੇ ਤੋਂ 04:30 ਵਜੇ ਤੱਕ ਵੱਧ ਤੋਂ ਵੱਧ 1800 ਦਰਸ਼ਕਾਂ ਲਈ ਹੋਵੇਗਾ ਅਤੇ ਸ਼ਾਮ 04:30 ਵਜੇ ਐਂਟਰੀ ਬੰਦ ਹੋ ਜਾਵੇਗੀ।

ਡਾਇਰੈਕਟਰ ਨੇ ਦੱਸਿਆ ਕਿ ਚਿੜੀਆਘਰ ਦੀਆਂ ਐਂਟਰੀ ਟਿਕਟਾਂ ਉਪਰੋਕਤ ਦਰਸਾਈ ਗਈ ਸਾਰਣੀ ਦੇ ਅਨੁਸਾਰ ਤੈਅ-ਸ਼ੁਦਾ ਸਮੇਂ ਅਨੁਸਾਰ ਉਪਲਬਧ ਹੋਣਗੀਆਂ, ਟਿਕਟ ਸਿਰਫ ਦੋ ਘੰਟੇ ਲਈ ਹੀ ਵੈਲਿਡ ਹੋਵੇਗੀ। ਚਿੜੀਆਘਰ ਵਿੱਚ ਐਂਟਰੀ ਲਈ ਟਿਕਟ, ਆਨਲਾਈਨ ਬੁੱਕ ਕੀਤੀ ਜਾ ਸਕਦੀ ਹੈ, ਜਿਸ ਲਈ ਇੱਕ ਲਿੰਕ ਵੈਬਸਾਈਟ (chhatbirzoo.gov.in) ਉਤੇ ਪ੍ਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੌਕੇ ਤੇ ਕਿਊ ਆਰ ਕੋਡ ਪ੍ਰਣਾਲੀ ਜਾਂ ਪੀ.ਓ.ਐਸ ਰਾਹੀਂ ਵੀ ਟਿਕਟਾਂ ਮਿਲ ਸਕਣਗੀਆਂ।

ਉਨ੍ਹਾਂ ਦੱਸਿਆ ਕਿ ਟਿਕਟਾਂ ਦੀ ਆਨਲਾਈਨ ਬੁਕਿੰਗ ਲਈ ਮੁਫਤ ਇੰਟਰਨੈਟ ਦੀ ਸੇਵਾ ਛੱਤਬੀੜ ਚਿੜੀਆਘਰ ਦੇ ਐਂਟਰੀ ਖੇਤਰ ਵਿੱਚ ਵਾਈ-ਫਾਈ ਹਾਟਸਪਾਟ ਰਾਹੀਂ ਉਪਲਬਧ ਕਰਵਾਈ ਗਈ ਹੈ। ਜਿੱਥੋਂ ਤਕ ਹੋਰ ਸਹੂਲਤਾਂ ਜਿਵੇਂ ਬੈਟਰੀ ਸੰਚਾਲਿਤ ਟਰਾਲੀਆਂ (ਬੀ.ਓ.ਟੀ.) ਦਾ ਸਬੰਧ ਹੈ, ਇਹ ਟਿਕਟਾਂ ਮੌਕੇ ਤੋਂ ਹੀ ਮਿਲਣਗੀਆਂ। ਇਹ ਸੁਵਿਧਾ ਨਿਰਧਾਰਤ ਰੇਟਾਂ ਤੇ ਸਮਾਜਿਕ ਦੂਰੀ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਕੇਵਲ ਪਰਿਵਾਰਕ ਮੈਂਬਰਾਂ/ਗਰੁੱਪ ਵਿੱਚ ਆਏ ਦਰਸ਼ਕਾਂ ਨੂੰ ਹੀ ਉਪਲਬੱਧ ਕਰਵਾਈ ਜਾਵੇਗੀ।

ਕੋਵਿਡ-19 ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁਝ ਸਹੂਲਤਾਂ ਜਿਵੇਂ ਕਿ ਵਾਈਲਡ ਲਾਈਫ ਸਫਾਰੀ (ਸ਼ੇਰ ਸਫਾਰੀ ਅਤੇ ਹਿਰਨ ਸਫਾਰੀ), ਚਿੜੀਆਘਰ ਵਿੱਚ ਰੈਪਟਾਇਲ ਹਾਊਸ ਅਤੇ ਨੈਕਟਰਨਲ ਹਾਊਸ ਦਰਸ਼ਕਾਂ ਲਈ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ‘ਤੇ ਬੰਦ ਰਹਿਣਗੇ।

ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਾਫ ਸਫਾਈ, ਸੈਨੀਟਾਈਜਰ, ਸਾਬਣ ਨਾਲ ਹੱਥ ਧੋਣ ਸੁਵਿਧਾ, ਫੁੱਟ ਬਾਥ ਆਦਿ ਦੀ ਪੂਰਨ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਦਰਸ਼ਕਾਂ ਦੇ ਬੈਠਣ ਦੇ ਸ਼ੈਲਟਰ ਅਤੇ ਰੇਲਿੰਗ ਆਦਿ ਨੂੰ ਸਮੇਂ ਸਿਰ ਸੈਨੇਟਾਈਜ ਕਰਨ ਸਬੰਧੀ ਸਾਰੇ ਪ੍ਰਬੰਧ ਕੀਤੇ ਗਏ ਹਨ।

ਡਾਇਰੈਕਟਰ ਨੇ ਦੱਸਿਆ ਕਿ ਚਿੜੀਆਘਰ ਦੇ ਅੰਦਰ ਪਲਾਸਟਿਕ ਲਿਫਾਫਾ ਜਾਣ ਦੀ ਮਨਾਹੀ ਹੈ। ਸਿਰਫ ਪਾਣੀ ਦੀਆਂ ਬੋਤਲਾਂ ਅਤੇ ਦਵਾਈ ਦੇ ਕੰਟੇਨਰ ਦੀ ਆਗਿਆ ਹਦਾਇਤਾਂ ਅਨੁਸਾਰ ਦਿੱਤੀ ਜਾ ਸਕਦੀ ਹੈ।

ਕੋਵਿਡ-19 ਸਬੰਧੀ ਦਰਸ਼ਕਾਂ ਲਈ ਹਦਾਇਤਾਂ

1. ਜੇਕਰ ਕਿਸੇ ਨੂੰ ਖਾਂਸੀ, ਜੁਕਾਮ ਅਤੇ ਬੁਖਾਰ ਦੇ ਲੱਛਣ ਹਨ ਤਾਂ ਉਹ ਚਿੜੀਆਘਰ ਵਿੱਚ ਆਉਣ ਤੋਂ ਪਰਹੇਜ਼ ਕਰਨ।

2. 65 ਸਾਲ ਤੋਂ ਉਪਰ ਦੇ ਬਜ਼ੁਰਗ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਚਿੜੀਆਘਰ ਵਿੱਚ ਨਾ ਲਿਆਂਦਾ ਜਾਵੇ।

3. ਸਾਰੇ ਦਰਸ਼ਕਾਂ ਵੱਲੋਂ ਚਿੜੀਆਘਰ ਦੇ ਖੇਤਰ ਵਿਚ ਫੇਸ ਮਾਸਕ ਪਹਿਨਣਾ ਲਾਜ਼ਮੀ ਹੈ।

4. ਸਾਰੇ ਦਰਸ਼ਕ ਚਿੜੀਆਘਰ ਦੇ ਪ੍ਰਵੇਸ਼ ਦੁਆਰ ‘ਤੇ ਸਥਿਤ ਦਵਾਈ ਵਾਲੇ ਫੂਟ ਬਾਥ (Foot Bath) ਦੇ ਵਿੱਚੋਂ ਲੰਘਣਗੇ।

5. ਚਿੜੀਆਘਰ ਵਿੱਚ ਐਂਟਰੀ ਤੋਂ ਪਹਿਲਾਂ ਸਾਰੇ ਦਰਸ਼ਕ ਸਰੀਰ ਦਾ ਤਾਪਮਾਨ ਸਕੈਨ ਕਰਵਾਉਣਗੇ।

6. ਸਾਰੇ ਦਰਸ਼ਕ ਚਿੜੀਆਘਰ ਵਿੱਚ ਅਤੇ ਵਿਜ਼ਟਰ ਸਹੂਲਤਾਂ ( ਵਾਸ਼ਰੂਮ, ਪੀਣ ਵਾਲੇ ਪਾਣੀ ਦੇ ਪੁਆਇੰਟ, ਬੈਟਰੀ ਨਾਲ ਚੱਲਣ ਵਾਲੇ ਵਾਹਨ, ਆਦਿ) ਦੀ ਵਰਤੋਂ ਕਰਦੇ ਸਮੇਂ ਸਮਾਜਿਕ ਦੂਰੀ ਬਣਾਈ ਰੱਖਣਗੇ।

7. ਚਿੜੀਆਘਰ ਦੇ ਸਟਾਫ ਨਾਲ ਘੱਟੋ ਘੱਟ ਗੱਲਬਾਤ ਕੀਤੀ ਜਾਵੇ ਅਤੇ ਲੋੜ ਪੈਣ ‘ਤੇ ਦੋ ਗਜ਼ ਦੀ ਦੂਰੀ ਬਣਾ ਕੇ ਹੀ ਗੱਲਬਾਤ ਕਰੋ।

8. ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਚਿੜੀਆਘਰ ਦੇ ਬੈਰੀਕੇਡਸ, ਰੇਲਿੰਗ ਅਤੇ ਹੋਰ ਕਿਸੇ ਵੀ ਵਸਤੂ ਨੂੰ ਛੂਹਣ ਤੋਂ ਪ੍ਰਹੇਜ ਕਰੋ।

9. ਦਰਸਾਏ ਗਏ ਵਿਜ਼ਟਰ ਮਾਰਗਾਂ ਦਾ ਹੀ ਉਪਯੋਗ ਕਰੋ।

10. ਚਿੜੀਆਘਰ ਅੰਦਰ ਥੁੱਕਣ ਦੀ ਮਨਾਹੀ ਹੈ ਅਤੇ ਚਿੜੀਆਘਰ ਦੇ ਅੰਦਰ ਪਾਨ-ਮਸਾਲਾ, ਗੁਟਕਾ ਅਤੇ ਖੈਨੀ ਆਦਿ ਚਬਾਉਣ ਦੀ ਮਨਾਹੀ ਹੈ।

11. ਕੋਵਿਡ-19 ਮਹਾਂਮਾਰੀ ਦੇ ਕਾਰਨ ਕਲਾਕ ਰੂਮ / ਸਮਾਨ / ਲਾਕਰ ਰੂਮ ਦੀ ਸਹੂਲਤ ਅਸਥਾਈ ਤੌਰ ਤੇ ਬੰਦ ਹੈ;

12. ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਪਰੋਕਤ-ਸਹੂਲਤ ਦੀ ਲੋੜ ਵਾਲਾ ਕੋਈ ਵੀ ਸਮਾਨ ਆਦਿ ਨਾ ਲੈ ਕੇ ਆਉਣ।

13. ਸਾਰੇ ਦਰਸ਼ਕ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਅਧੀਨ ਹੋਣਗੇ ਅਤੇ ਉਪਰੋਕਤ ਦਰਸਾਈਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਨੂੰ 500/- ਪ੍ਰਤੀ ਉਲੰਘਣਾ ਦੇ ਹਿਸਾਬ ਨਾਲ ਜੁਰਮਾਨਾ ਕੀਤਾ ਜਾਵੇਗਾ।

Spread the love