ਅੱਜ ਦੇਸ਼ ਭਰ ‘ਚ ਈਦ-ਉਲ-ਜ਼ੁਹਾ ਜਾਂ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਇਸ ਸੰਬੰਧੀ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਸਨ। ਬਕਰੀਦ ਦੇ ਤਿਉਹਾਰ ਨੂੰ ਬਲੀਦਾਨ ਦੇ ਦਿਨ ਵਜੋਂ ਵੀ ਯਾਦ ਕੀਤਾ ਜਾਂਦਾ ਹੈ।ਸਾਡੇ ਦੇਸ਼ ਤੋਂ ਇਲਾਵਾ ਕਿਸੇ ਹੋਰ ਜਗ੍ਹਾ ‘ਤੇ ਈਦ-ਉਲ-ਜ਼ੁਹਾ ਨੂੰ ਬਕਰੀਦ ਨਹੀਂ ਕਿਹਾ ਜਾਂਦਾ। ਆਮ ਤੌਰ ‘ਤੇ ਇਸ ਦਿਨ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ, ਇਸ ਲਈ ਸਾਡੇ ਦੇਸ਼ ਵਿੱਚ ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਇਸ ਦਿਨ ਅੱਲ੍ਹਾ ਦੀ ਖ਼ਾਤਰ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ। ਇਸ ਧਾਰਮਿਕ ਪ੍ਰਕਿਰਿਆ ਨੂੰ ਫਰਜ਼-ਏ-ਕੁਰਬਾਨ ਕਿਹਾ ਜਾਂਦਾ ਹੈ।

ਈਦ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲਾ ਦੇ ਪਿਆਰੇ ਨਬੀ ਹਜ਼ਰਤ ਇਬਰਾਹੀਮ ਅਲਹਿੱਸਲਾਮ ਦੀ ਯਾਦ ’ਚ ਮਨਾਉਦੇ ਹਾਂ ਜਿਨਾਂ ਨੇ ਇਨਸਾਨ ਨੂੰ ਇਹ ਸਬਕ ਦਿੱਤਾ ਕਿ ਜੇਕਰ ਵਕਤ ਆਏ ਤਾਂ ਆਪਣੀ ਜਾਣ ਤੋਂ ਪਿਆਰੀ ਚੀਜ ਵੀ ਅੱਲਾ ਦੀ ਰਾਹ ਵਿੱਚ ਕੁਰਬਾਨ ਕਰਨ ਤੋਂ ਨਾ ਘਬਰਾਓ।

ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਦੀਨ-ਏ-ਇਸਲਾਮ ਦੀ ਇਸ ਪ੍ਰੇਰਣਾ ਤੋਂ ਭਾਰਤ ਦੇ ਮੁਸਲਮਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਨਾਲ ਟਕੱਰ ਲੈਂਦੇ ਹੋਏ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਸੀ, ਉਨਾਂ ਕਿਹਾ ਕਿ ਅੱਜ ਵੀ ਜੇਕਰ ਦੇਸ਼ ਨੂੰ ਜਰੂਰਤ ਪਵੇ ਤਾਂ ਮੁਸਲਮਾਨ ਕੁਰਬਾਨੀ ਦੇਣ ਨੂੰ ਤਿਆਰ ਹਨ। ਸ਼ਾਹੀ ਇਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਰਕਤ ਅਤੇ ਰਹਿਮਤ ਵਾਲਾ ਹੈ, ਦੁਆ ਕਬੂਲ ਹੁੰਦੀ ਹੈ ਅਤੇ ਅੱਲਾ ਦਾ ਹੁਕਮ ਹੈ ਕਿ ਈਦ ਦੇ ਦਿਨ ਗਰੀਬਾਂ ਅਤੇ ਜਰੂਰਤਮੰਦਾਂ ਦੀ ਮਦਦ ਕੀਤੀ ਜਾਵੇ।

ਸ਼ਾਹੀ ਇਮਾਮ ਨੇ ਨਮਾਜਿਆਂ ਨੂੰ ਕਿਹਾ ਕਿ ਅੱਜ ਈਦ ਦੇ ਦਿਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਗੁਆਂਢੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਭੁੱਖਾ ਨਾ ਰਹੇ। ਇਸ ਮੌਕੇ ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ਦੇ ਤਿਉਹਾਰ ਇਬਾਦਤ ਅਤੇ ਨੇਕੀ ਦੀ ਰਾਹ ਦਿਖਾਉਦੇ ਹਨ । ਅਸੀਂ ਸਾਲ ਭਰ ਰੋਜਾਨਾਂ ਪੰਜ ਨਮਾਜਾਂ ਅਦਾ ਕਰਦੇ ਹਾਂ ਅਤੇ ਈਦ ਦੇ ਦਿਨ ਛੇ ਨਮਾਜਾਂ ਅਦਾ ਕਰਦੇ ਹਾਂ। ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕੁਰਬਾਨੀ ਦੇ ਇਸ ਦਿਨ ਅਸੀਂ ਸਭ ਇਸ ਸੰਕਲਪ ਨੂੰ ਦੋਹਰਾਉਦੇ ਹਾਂ ਕਿ ਜੇਕਰ ਦੇਸ਼ ਅਤੇ ਕੌਮ ਨੂੰ ਜਰੂਰਤ ਪਵੇ ਤਾਂ ਅਸੀਂ ਪਿੱਛੇ ਨਹੀਂ ਰਵਾਂਗੇ।

Spread the love