ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤਹਿਤ ਜੰਤਰ-ਮੰਤਰ ਵਿਖੇ ਅੱਜ ਤੋਂ ਕਿਸਾਨ ਸੰਸਦ ਚਲਾਈ ਜਾਵੇਗੀ। ਜਿਸ ਵਿਚ 200 ਕਿਸਾਨ ਹਰ ਰੋਜ਼ ਹਿੱਸਾ ਲੈਣਗੇ। ਇਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ, ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਜਥਾ ਪੰਜ ਬੱਸਾਂ ਤੋਂ ਜੰਤਰ-ਮੰਤਰ ਲਈ ਰਵਾਨਾ ਹੋਇਆ ਹੈ। ਤੁਹਾਨੂੰ ਦੱਸ ਦਈਏ ਤਕਰੀਬਨ 200 ਕਿਸਾਨ ਬੱਸਾਂ ਰਾਹੀਂ ਜੰਤਰ ਮੰਤਰ ਵਿਖੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ 200 ਆਗੂ ਸ਼ਾਮਲ ਹੋਣਗੇ ਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ।
ਜੰਤਰ-ਮੰਤਰ ਵਿਖੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਸਾਨ ਸਵੇਰੇ 10:30 ਵਜੇ ਜੰਤਰ-ਮੰਤਰ ਪਹੁੰਚਣਗੇ। ਉਨ੍ਹਾਂ ਨੂੰ ਜੰਤਰ ਮੰਤਰ ਵਿਖੇ ਚਰਚ ਵਾਲੇ ਪਾਸੇ ਸ਼ਾਂਤੀ ਨਾਲ ਬਿਠਾਇਆ ਜਾਵੇਗਾ। ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ 5 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰ ਕਿਸੇ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਬੈਰੀਕੇਡ ਦੇ ਅੰਦਰ ਇਜਾਜ਼ਤ ਦਿੱਤੀ ਜਾਏਗੀ। ਸ਼ਾਮ 5 ਵਜੇ, ਕਿਸਾਨ ਆਪਣਾ ਪ੍ਰਦਰਸ਼ਨ ਖ਼ਤਮ ਕਰਨਗੇ ਅਤੇ ਸਿੰਘੂ ਬਾਡਰ ‘ਤੇ ਵਾਪਸ ਆ ਜਾਣਗੇ।