ਪੰਜਾਬੀ ਸਭਿਆਚਾਰ ਗੀਤਾਂ ਨੂੰ ਹਿਲ ਦੇ ਅਧਾਰ ਤੇ ਗਾਉਣ ਵਾਲੇ ਉਘੇ ਇੰਟਰਨੈਸ਼ਨਲ ਲੋਕ ਗਾਇਕ ਸਤਵਿੰਦਰ ਬੁੱਗਾ ਦਾ ਅੱਜ ਜਨਮਦਿਨ ਹੈ। ਸੰਗੀਤ ਜਿਨ੍ਹਾਂ ਲਈ ਇਬਾਦਤ ਬਣ ਜਾਂਦਾ ਹੈ, ਉਨ੍ਹਾਂ ’ਚੋਂ ਇਕ ਨਾਂ ਹੈ ਸੁਰੀਲੇ ਗਾਇਕ ਸਤਵਿੰਦਰ ਬੁੱਗਾ ਦਾ। ਮਰਹੂਮ ਢੋਲੀ ਦੇਵ ਰਾਜ ਦੀ ਹੱਲਾਸ਼ੇਰੀ ਅਤੇ ਪ੍ਰੇਰਨਾ ਸਦਕਾ ਸਤਵਿੰਦਰ ਬੁੱਗਾ ਨੇ ਗਾਇਕੀ ਦੇ ਖੇਤਰ ’ਚ ਆਪਣੀ ਪਹਿਲੀ ਟੇਪ ‘ਲਾਈਆਂ ਯਾਰਾਂ ਨੇ ਮਹਿਫ਼ਲਾਂ’ ਨਾਲ ਗਾਇਕੀ ਦੇ ਖੇਤਰ ਵਿਚ ਖਾਤਾ ਖੋਲ੍ਹਿਆ। ਫਿਰ ਟੇਪ ‘ਉਡੀਕਾਂ ਤੇਰੀਆਂ’ ਮਾਰਕੀਟ ’ਚ ਆਈ। ਇਸ ਟੇਪ ’ਚ ਉਸ ਨੇ 32 ਸੈਕਿੰਡ ਦੀ ਹੇਕ ਨਾਲ ਆਪਣੀ ਪਛਾਣ ਬਣਾਈ। ਫਿਰ ‘ਤਵੀਤਾਂ ਵਾਲਾ ਜੱਟ ਮੋਹ ਲਿਆ’, ‘ਵਿਆਹ ਤੋਂ ਪਹਿਲਾਂ’ ਐਲਬਮਾਂ ਪੰਜਾਬੀ ਸਰੋਤਿਆਂ ਦੀ ਝੋਲੀ ਪਾਈਆਂ। ਉਸ ਦਾ ਕਹਿਣਾ ਹੈ ਕਿ ਇਹ ਕੈਸਿਟਾਂ ਉਸ ਦਾ ਮੁਕਾਮ ਤਾਂ ਨਹੀਂ ਬਣਾ ਸਕੀਆਂ ਪਰ ਉਸ ਨੂੰ ਸੰਗੀਤਕ ਹਲਕਿਆਂ ’ਚ ਜਾਣ ਕਰਕੇ ਸੰਗੀਤ ਦੇ ਖੇਤਰ ’ਚ ਅੱਗੇ ਵਧਣ ਲਈ ਪਲੈਟਫਾਰਮ ਜ਼ਰੂਰ ਮਿਲ ਗਿਆ।

ਗਾਇਕ ਸਤਵਿੰਦਰ ਬੁੱਗਾ ਦਾ ਜਨਮ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਮੁਕਾਰੋਂਪੁਰ ’ਚ ਹੋਇਆ, ਜੋ ਚਾਰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਸਤਵਿੰਦਰ ਬੁੱਗਾ ਤਿੰਨ ਭਰਾਵਾਂ ਦਾ ਭਰਾ ਹੈ। ਸਭ ਤੋਂ ਛੋਟਾ ਹੋਣ ਕਰਕੇ ਪਰਿਵਾਰਕ ਮੈਂਬਰ ਉਸ ਨੂੰ ਲਾਡ-ਪਿਆਰ ’ਚ ‘ਬੁੱਗਾ’ ਕਹਿ ਕੇ ਬੁਲਾਉਂਦੇ। ਅੱਗੇ ਵਧ ਕੇ ਮਾਪਿਆਂ ਦਾ ਲਾਡਲਾ ਸਤਵਿੰਦਰ ਸਿੰਘ ਗੀਤ- ਸੰਗੀਤ ਦੇ ਖੇਤਰ ’ਚ ਗਾਇਕ ਸਤਵਿੰਦਰ ਬੁੱਗਾ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਰੱਜ ਕੇ ਮਿਹਨਤੀ ਤੇ ਮਿੱਠ ਬੋਲੜੇ ਸੁਭਾਅ ਦਾ ਮਾਲਕ ਇਹ ਗਾਇਕ ਜ਼ਮੀਨ ਨਾਲ ਜੁੜਿਆ ਕਲਾਕਾਰ ਹੈ। ਉਹ ਅੱਜ ਵੀ ਆਪਣੇ ਜੱਦੀ ਪਿੰਡ ਮੁਕਾਰੋਂਪੁਰ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਪਹਿਲੀ ਮਿਲਣੀ ’ਚ ਹੀ ਦਿਲ ’ਚ ਵੱਸ ਜਾਣ ਵਾਲਾ ਇਹ ਕਲਾਕਾਰ ਸਿਰੇ ਦੇ ਸਾਊ ਸੁਭਾਅ ਦਾ ਮਾਲਕ ਹੈ।

Spread the love