ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਿੱਤਿਆ ਬਿਰਲਾ ਗਰੁੱਪ ਵੱਲੋਂ ਪੇਂਟ ਇੰਡਸਟਰੀ ਵਿਚ ਪੈਰ ਰੱਖਦਿਆਂ ਸੂਬੇ ਵਿਚ ਪੇਂਟ ਯੂਨਿਟ ਦੀ ਸਥਾਪਨਾ ਲਈ 1000 ਕਰੋੜ ਰੁਪਏ ਦਾ ਵਿਆਪਕ ਨਿਵੇਸ਼ ਕਰਨ ਅਤੇ ਰਾਜਪੁਰਾ ਵਿਖੇ 500 ਕਰੋੜ ਰੁਪਏ ਦੀ ਲਾਗਤ ਨਾਲ ਸੀਮੈਂਟ ਦਾ ਯੂਨਿਟ ਸਥਾਪਤ ਕਰਨ ਲਈ ਗਰੁੱਪ ਦਾ ਸਵਾਗਤ ਕੀਤਾ ਹੈ।
ਲੁਧਿਆਣਾ ਵਿਖੇ ਹਾਲ ਹੀ ਵਿਚ ਵਿਕਸਤ ਕੀਤੀ ਹਾਈ-ਟੈੱਕ ਵੈਲੀ ਵਿਚ 147 ਕਰੋੜ ਦੀ ਕੀਮਤ ਵਾਲੇ 61 ਏਕੜ ਜ਼ਮੀਨ ਲਈ ਅਲਾਟਮੈਂਟ ਪੱਤਰ ਸੌਂਪਣ ਮੌਕੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਿਵੇਸ਼ ਨਾਲ ਸੂਬੇ ਵਿਚ ਉਦਯੋਗਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸੰਭਾਵਿਤ ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਸੁਖਾਵਾਂ ਮਾਹੌਲ ਦੇਣ ਦੀ ਪੇਸ਼ਕਸ਼ ਕੀਤੀ ਹੈ ਕਿਉਂ ਜੋ ਸੂਬੇ ਵਿਚ ਸ਼ਾਂਤਮਈ ਕਾਮੇ, ਬਿਹਤਰ ਸੜਕਾਂ, ਰੇਲ ਅਤੇ ਹਵਾਈ ਸੰਪਰਕ ਦੇ ਰੂਪ ਵਿਚ ਠੋਸ ਬੁਨਿਆਦੀ ਢਾਂਚਾ ਮੌਜੂਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਮੁਲਕ ਵਿਚ ਲੌਜਿਸਟਿਕ ਨੂੰ ਸੁਖਾਲਾ ਬਣਾਉਣ ਵਿਚ ਦੂਜਾ ਰੈਂਕ ਹਾਸਲ ਕੀਤਾ ਹੈ ਅਤੇ ਸੂਬਾ ਪੂਰਬੀ ਤੇ ਪੱਛਮੀ ਮਾਲ ਲਾਂਘੇ ਨਾਲ ਜੁੜ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨਿਵੇਸ਼ ਪੱਖੀ ਸਨਅਤੀ ਨੀਤੀ ਅਤੇ ਆਕਰਸ਼ਿਤ ਰਿਆਇਤਾਂ ਸਦਕਾ ਪੰਜਾਬ ਮੁਲਕ ਵਿਚ ਨਿਵੇਸ਼ ਲਈ ਸਭ ਤੋਂ ਤਰਜੀਹੀ ਸੂਬਾ ਬਣ ਕੇ ਉਭਰਿਆ ਹੈ ਕਿਉਂ ਜੋ ‘ਨਿਵੇਸ਼ ਪੰਜਾਬ’ ਵਜੋਂ ਵੰਨ ਸਟਾਪ ਸ਼ਾਪ ਨਾਲ ਬੀਤੇ ਚਾਰ ਸਾਲਾਂ ਦੌਰਾਨ ਪ੍ਰਾਪਤ ਹੋਏ 2900 ਤੋਂ ਵੱਧ ਪ੍ਰਾਜੈਕਟਾਂ ਦੇ ਪ੍ਰਸਤਾਵਾਂ ਰਾਹੀਂ 91,000 ਕਰੋੜ ਰੁਪਏ ਦਾ ਵਿਆਪਕ ਨਿਵੇਸ਼ ਵਿਚ ਬੇਰੋਕ ਸਹੂਲਤ ਮੁਹੱਈਆ ਕਰਵਾਈ ਹੈ। ਇਨ੍ਹਾਂ ਵਿਆਪਕ ਨਿਵੇਸ਼ ਵਿੱਚੋਂ 50 ਫੀਸਦੀ ਪ੍ਰਾਜੈਕਟ ਵਪਾਰਕ ਉਤਪਾਦਨ ਸ਼ੁਰੂ ਕਰ ਚੁੱਕੇ ਹਨ ਅਤੇ ਕੋਵਿਡ-19 ਮਹਾਂਮਾਰੀ ਦੀ ਸਿਖਰ ਦੌਰਾਨ ਵੀ ਸੂਬਾ ਅਜਿਹਾ ਨਿਵੇਸ਼ ਲਿਆਉਣ ਦੇ ਸਮਰੱਥ ਹੋਇਆ। ਉਨ੍ਹਾਂ ਨੇ ਰੋਜ਼ਗਾਰ ਉਤਪਤੀ ਦੀ ਵਿਆਪਕ ਯੋਜਨਾ ਦਾ ਵੀ ਜ਼ਿਕਰ ਕੀਤਾ ਜਿਸ ਰਾਹੀਂ 17.63 ਲੱਖ ਨੌਜਵਾਨਾਂ ਨੂੰ ਸਰਕਾਰੀ, ਨਿੱਜੀ ਅਤੇ ਸਵੈ-ਰੋਜ਼ਗਾਰ ਲਈ ਮੌਕੇ ਪ੍ਰਦਾਨ ਕਰਨ ਵਿਚ ਸਹੂਲਤ ਮੁਹੱਈਆ ਕਰਵਾਈ।
ਮੁੱਖ ਮੰਤਰੀ ਨੇ ਇਸ ਵੱਡੇ ਨਿਵੇਸ਼ ਨੂੰ ਸਰਕਾਰ ਵੱਲੋਂ ਹਾਲ ਹੀ ਵਿਚ ਨੀਤੀ, ਪ੍ਰਕਿਰਿਆ ਅਤੇ ਕਾਰੋਬਾਰ ਦੇ ਸੁਧਾਰਾਂ ਲਈ ਚੁੱਕੇ ਗਏ ਲੜੀਵਾਰ ਕਦਮਾਂ ਦਾ ਸਿੱਟਾ ਦੱਸਿਆ।
ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਅਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਜੋ ਮੁੰਬਈ ਤੋਂ ਵਰਚੂਅਲ ਤੌਰ ਉਤੇ ਮੀਟਿੰਗ ਸ਼ਾਮਲ ਹੋਏ, ਨੇ ਪੰਜਾਬ ਦੀ ਸਨਅਤੀ ਵਾਤਾਵਰਣ ਪ੍ਰਣਾਲੀ ਵਿਚ ਭਰੋਸਾ ਪ੍ਰਗਟ ਕੀਤਾ ਅਤੇ ਉਦਯੋਗਿਕ ਨੀਤੀਆਂ ਅਤੇ ਦਖ਼ਲ ਰਹਿਤ ਪ੍ਰਵਾਨਗੀਆਂ ਦੀ ਆਸ ਪ੍ਰਗਟਾਈ। ਉਨ੍ਹਾਂ ਨੇ ਸੂਬੇ ਵਿਚ ਨਿਵੇਸ਼ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਦਿਖਾਈ ਤੇਜ਼ੀ ਦੀ ਸ਼ਲਾਘਾ ਕਰਦੇ ਹੋਏ ਹਰੇਕ ਕਦਮ ਉਤੇ ਸਹਿਯੋਗ ਦੇਣ ਲਈ ਪ੍ਰਸੰਸਾ ਕੀਤੀ।
ਸ੍ਰੀ ਬਿਰਲਾ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸਥਾਪਤ ਹੋਣ ਵਾਲੇ ਪੇਂਟ ਮੈਨੂਫੈਕਚਰਿੰਗ ਯੂਨਿਟ ਨਾਲ 600 ਤੋਂ ਵੱਧ ਵਿਅਕਤੀਆਂ ਲਈ ਰੋਜ਼ਗਾਰ ਦੇ ਸਿੱਧੇ ਮੌਕੇ ਅਤੇ ਕਾਰਜਸ਼ੀਲ ਹੋਣ ਉਤੇ ਰੋਜ਼ਗਾਰ ਦੇ ਅਸਿੱਧੇ ਤੌਰ ਉਤੇ 1500 ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਵਿਚ ਜ਼ੀਰੋ ਲਿਕੁਅਡ ਡਿਸਚਾਰਜ ਹੋਣ ਉਤੇ ਵਾਤਾਵਰਣ ਪੱਖੋਂ ਸੁਰੱਖਿਅਤ ਹੋਵੇਗਾ। ਭਵਿੱਖ ਵਿਚ ਅਜਿਹੇ ਹੋਰ ਪ੍ਰਾਜੈਕਟਾਂ ਦੀ ਸਥਾਪਤ ਲਈ ਨਿਰੰਤਰ ਸਹਿਯੋਗ ਦੀ ਉਮੀਦ ਰੱਖਦੇ ਹੋਏ ਸ੍ਰੀ ਬਿਰਲਾ ਨੇ ਕਿਹਾ ਕਿ ਪੰਜਾਬ ਹੁਣ ਉਨ੍ਹਾਂ ਦੀ ਤਰਜੀਹੀ ਸੂਚੀ ਵਿਚ ਹੈ।
ਇਸ ਦੌਰਾਨ ਉਨ੍ਹਾਂ ਦੇ ਬੇਟੇ ਸ੍ਰੀ ਅਰਿਆਮਨ ਬਿਰਲਾ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕੀਤੀ ਜਦਕਿ ਸ੍ਰੀ ਹਿਮਾਂਸ਼ੂ ਕਪਾਨਿਆ, ਨਾਨ-ਕਾਰਜਕਾਰੀ ਡਾਇਰੈਕਟਰ ਅਤੇ ਵਾਈਸ ਚੇਅਰਮੈਨ, ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ ਅਤੇ ਡਾਇਰੈਕਟਰ ਟੈਲੀਕਾਮ ਦੀ ਅਗਵਾਈ ਵਾਲੇ ਵਫ਼ਦ ਨੇ ਨਿੱਜੀ ਤੌਰ ‘ਤੇ ਮੁੱਖ ਮੰਤਰੀ ਤੋਂ ਅਲਾਟਮੈਂਟ ਪੱਤਰ ਪ੍ਰਾਪਤ ਕੀਤਾ।
ਜ਼ਿਕਰਯੋਗ ਹੈ ਕਿ ਇਹ ਵੱਡੀ ਨਿਰਮਾਣ ਯੂਨਿਟ ਇਸ ਖੇਤਰ ਵਿਚ ਪੈਕਿੰਗ ਇੰਡਸਟਰੀ, ਟਿਨ ਅਤੇ ਪਲਾਸਟਿਕ ਕੈਨ ਨਿਰਮਾਣ ਅਤੇ ਗਤੀਸ਼ੀਲਤਾ ਆਦਿ ਨਾਲ ਜੁੜੇ ਸੈਕਟਰਾਂ ਦੀ ਵੈਲਯੂ-ਚੇਨ ਨੂੰ ਵੀ ਹੁਲਾਰਾ ਦੇਵੇਗੀ। ਜਲਦ ਬਣਾਏ ਜਾ ਰਹੇ ਆਦਿਤਿਆ ਬਿਰਲਾ ਦੇ ਇਸ ਪਲਾਂਟ ਵਿੱਚ ਆਧੁਨਿਕ ਨਿਰਮਾਣ ਟੈਕਨੋਲੋਜੀ ਨੂੰ ਵਰਤਿਆ ਜਾਵੇਗਾ। ਪਲਾਂਟ ਨੂੰ ਡੀਸੀਐਸ/ਪੀਐਲਸੀ ਦੀ ਆਧੁਨਿਕ ਤਕਨੀਕ ਰਾਹੀਂ ਨਿਯੰਤਰਿਤ ਕੀਤਾ ਜਾਵੇਗਾ। ਪਲਾਂਟ ਦੇ ਅੰਦਰ ਕੱਚੇ ਮਾਲ, ਉਤਪਾਦਨ ਸਮੱਗਰੀ ਅਤੇ ਤਿਆਰ ਮਾਲ ਦੇ ਗੁਦਾਮਾਂ ਦੇ ਪ੍ਰਬੰਧਨ ਲਈ ਸਵੈ-ਚਲਿਤ ਮਸ਼ੀਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਹ ਪਲਾਂਟ ਆਪਣੇ ਨਿਰਮਾਣ ਕਾਰਜਾਂ ਵਿਚ ਉਦਯੋਗ 4.0 ਅਧਾਰਤ ਉਪਕਰਨ ਅਤੇ ਇੰਟਰਨੈਟ ਆਫ ਥਿੰਗਜ਼ (ਆਈ.ਓ.ਟੀ.) ਵੀ ਲਗਾਏਗਾ।
ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਸੀਈਓ ਇਨਵੈਸਟ ਪੰਜਾਬ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਸੂਬੇ ਦੀ ਨਿਵੇਸ਼ ਪ੍ਰੋਤਸਾਹਨ ਏਜੰਸੀ ‘ਇਨਵੈਸਟ ਪੰਜਾਬ’ ਨੂੰ ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ‘ਟਾਪ ਪਰਫਾਰਮਰ ਏਜੰਸੀ’ ਦਾ ਦਰਜਾ ਦਿੱਤਾ ਗਿਆ ਹੈ। ਲੁਧਿਆਣਾ ਦੀ ਹਾਈ-ਟੈੱਕ ਵੈਲੀ ਇਸ ਖੇਤਰ ਵਿਚ ਨਵੇਂ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ। ਰਿਕਾਰਡ ਸਮੇਂ ਵਿੱਚ ਵਿਕਸਤ ਕੀਤੀ ਉੱਚ ਪੱਧਰੇ ‘ਪਲੱਗ ਐਂਡ ਪਲੇ’ ਅਧਾਰਤ ਬੁਨਿਆਦੀ ਢਾਂਚੇ ਨੇ ਉਦਯੋਗਿਕ ਇਕਾਈਆਂ ਨੂੰ ਸੂਬੇ ਦੀ ਉਦਯੋਗਿਕ ਰਾਜਧਾਨੀ ਵਿੱਚ ਆਪਣੇ ਕੰਮਕਾਜ ਨੂੰ ਜਲਦ ਸ਼ੁਰੂ ਕਰਨ ਦਾ ਵਿਕਲਪ ਦਿੱਤਾ ਹੈ। ਉਹਨਾਂ ਅੱਗੇ ਕਿਹਾ ਕਿ ਹੀਰੋ ਸਾਈਕਲ ਲਿਮਟਿਡ ਨੇ ਪਹਿਲਾਂ ਹੀ ਵੈਲੀ ਵਿੱਚ ਆਪਣੀ ਮੁੱਖ ਯੂਨਿਟ ਸਥਾਪਤ ਕੀਤੀ ਹੈ ਜੋ ਪ੍ਰਤੀ ਯੂਨਿਟ ਪ੍ਰਤੀ ਸਾਲ 4 ਮਿਲੀਅਨ ਸਾਈਕਲਾਂ ਖਾਸ ਕਰਕੇ ਈ-ਬਾਈਕ ਅਤੇ ਪ੍ਰੀਮੀਅਮ ਬਾਈਕ ਦੇ ਉਤਪਾਦਨ ਦੀ ਸਮਰੱਥਾ ਰੱਖਦੀ ਹੈ। ਬਹੁਤ ਸਾਰੇ ਨਵੇਂ ਨਿਵੇਸ਼ਕਾਂ ਨੇ ਇਸ ਵਿਕਸਤ ਉਦਯੋਗਿਕ ਪਾਰਕ ਵਿੱਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ। ਸ੍ਰੀ ਅਗਰਵਾਲ ਨੇ ਅੱਗੇ ਕਿਹਾ ਕਿ ਆਦਿੱਤਿਆ ਬਿਰਲਾ ਗਰੁੱਪ ਵੀ ਜਲਦ ਤੋਂ ਜਲਦ ਆਪਣੇ ਪ੍ਰਸਤਾਵਿਤ ਪਲਾਂਟ ਦੇ ਨਿਰਮਾਣ ਨੂੰ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹੈ।
ਕਾਬਲੇਗੌਰ ਹੈ ਕਿ ਅਦਿੱਤਿਆ ਬਿਰਲਾ ਸਮੂਹ ਵਿਸ਼ਵ ਪੱਧਰ ‘ਤੇ 500 ਕੰਪਨੀਆਂ ਦਾ ਇਕ ਸੰਗਠਨ ਹੈ ਜਿਸ ਨੇ ਆਪਣੀ ਪ੍ਰਮੁੱਖ ਕੰਪਨੀ ਗ੍ਰੈਸੀਮ ਇੰਡਸਟਰੀਜ਼ ਲਿਮਟਿਡ ਦੁਆਰਾ ਆਪਣੇ ਆਉਣ ਵਾਲੇ ਪੇਂਟ ਕਾਰੋਬਾਰ ਦੇ ਉੱਦਮ ਲਈ ਉੱਤਰ ਭਾਰਤ ਵਿੱਚੋਂ ਪੰਜਾਬ ਨੂੰ ਨਿਵੇਸ਼ ਲਈ ਚੁਣਿਆ ਹੈ।
ਇਸ ਸਮਾਰੋਹ ਵਿੱਚ ਮੁੱਖ ਸਕੱਤਰ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਆਲੋਕ ਸ਼ੇਖਰ, ਸੀਈਓ ਨਿਵੇਸ਼ ਪੰਜਾਬ ਰਜਤ ਅਗਰਵਾਲ, ਪੰਜਾਬ ਸਮਾਲ ਇੰਡਸਟ੍ਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਨੀਲਮਾ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।