ਭਾਰਤ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ ਨੇ ਜਰਮਨ ਰਾਜਦੂਤ ਦਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਪੁੱਜਣ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ।
ਸ. ਸੁਰਜੀਤ ਸਿੰਘ ਭਿੱਟੇਵੱਡ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਾਂਤੀ ਦਾ ਸੋਮਾ ਹੈ ਅਤੇ ਇਥੋਂ ਸੰਦੇਸ਼ ਸਰਬਸਾਂਝੀਵਾਲਤਾ ਦਾ ਸੰਦੇਸ਼ ਜਾਂਦਾ ਹੈ।ਇਸ ਪਾਵਨ ਅਸਥਾਨ ’ਤੇ ਦੇਸ਼ ਦੁਨੀਆਂ ਦੀਆਂ ਸੰਗਤਾਂ ਦੇ ਨਾਲ-ਨਾਲ ਪ੍ਰਮੁੱਖ ਸ਼ਖ਼ਸੀਅਤਾਂ ਵੀ ਨਤਮਸਤਕ ਹੋਣ ਪੁੱਜਦੀਆਂ ਰਹਿੰਦੀਆਂ ਹਨ ਅਤੇ ਇਸੇ ਤਹਿਤ ਹੀ ਅੱਜ ਜਰਮਨ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਅਸੀਂ ਜੀ-ਆਇਆਂ ਆਖਦੇ ਹਾਂ। ਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਕਿਹਾ ਕਿ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇਹ ਧਾਰਮਿਕ ਅਸਥਾਨ ਸਮੁੱਚੀ ਮਾਨਵਤਾ ਨੂੰ ਏਕਤਾ, ਸਹਿਨਸ਼ੀਲਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਅਜਿਹੀਆਂ ਕਦਰਾਂ-ਕੀਮਤਾਂ ਦੀ ਅੱਜ ਦੁਨੀਆਂ ਵਿਚ ਵੱਡੀ ਲੋੜ ਹੈ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੇ ਸਿੱਖ ਸਮਾਜ ਵੱਲੋਂ ਨਿਭਾਈਆਂ ਜਾਂਦੀਆਂ ਮਾਨਵ ਭਲਾਈ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਖਾਸਕਰ ਕੋਰੋਨਾ ਦੌਰਾਨ ਲੰਗਰ ਸੇਵਾ ਅਤੇ ਆਕਸੀਜਨ ਦੇ ਪ੍ਰਬੰਧਾਂ ਨੂੰ ਵਡਿਆਇਆ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਜਰਮਨੀ ਦੇ ਰਾਜਦੂਤ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸਿੱਖ ਇਤਿਹਾਸ, ਰਵਾਇਤਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਜਾਣਕਾਰੀ ਦਿੱਤੀ, ਜਿਸ ਪ੍ਰਤੀ ਉਨ੍ਹਾਂ ਨੇ ਖਾਸ ਰੁਚੀ ਦਿਖਾਈ।
ਸਿੱਖੀ ਨਾਲ ਸਬੰਧਤ ਉਨ੍ਹਾਂ ਨੇ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਪ੍ਰਤੀਨਿਧਾਂ ਨੇ ਜਵਾਬ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਮੇਜਰ ਸਿੰਘ ਅਰਜਨ ਮਾਂਗਾ ਵੀ ਮੌਜੂਦ ਸਨ।