ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਅਤੇ ਸੀਨੀਅਰ ਭਾਜਪਾ ਆਗੂ ਵਿਜੈ ਸਾਂਪਲਾ ਦਾ ਫ਼ਗਵਾੜਾ ਵਿੱਚ ਕਿਸਾਨਾਂ ਵੱਲੋਂ ਵਿਰੱਧ ਕੀਤਾ ਗਿਆ।

ਦਰਅਸਲ ਵਿਜੈ ਸਾਂਪਲਾ ਨੇ ਅੱਜ ਫ਼ਗਵਾੜਾ ਵਿਖ਼ੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ ਪਰ ਜਿਵੇਂ ਹੀ ਕਿਸਾਨਾਂ ਨੂੰ ਇਸਦੀ ਭਿਣਕ ਲੱਗੀ ਤਾਂ ਕਿਸਾਨ ਵਿਰੋਧ ਕਰਨ ਪਹੁੰਚ ਗਏ। ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਸਾਂਪਲਾ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਹੈ।

ਸਾਂਪਲਾ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਸ਼ਹਿਰ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਐੱਸਸੀ ਕਮਿਸ਼ਨ ਦੇ ਕੌਮੀ ਚੇਅਰਮੈਨ ਸਾਂਪਲਾ ਨੇ ਦੁਕਾਨ ਦਾ ਉਦਘਾਟਨ ਕਰਨ ਲਈ ਆਉਣਾ ਸੀ, ਜਿਸ ਦੀ ਭਿਣਕ ਕਿਸਾਨਾਂ ਨੂੰ ਪੈ ਗਈ।

ਇਸ ਮੌਕੇ ਕਿਸਾਨਾਂ ਨੇ ਕਿਹਾ ਸਾਨੂੰ ਪਤਾ ਲੱਗ ਚੁੱਕਾ ਸੀ ਕਿ ਨਾ ਤੇ ਕੇਂਦਰੀ ਮੰਤਰੀ ਨੇ ਆਉਣਾ ਹੈ ਤੇ ਨਾ ਹੀ ਵਿਜੇ ਸਾਂਪਲਾ ਨੇ। ਇਹ ਪ੍ਰਗਟਾਵਾ ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਨੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਦੇ ਭਰੋਸੇ ਤੋਂ ਬਾਅਦ ਨਕੋਦਰ ਰੋਡ ਵਿਖੇ ਲਗਾਏ ਧਰਨੇ ਦੀ ਸਮਾਪਤੀ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਦੀ ਇੱਕ ਨਿੱਜੀ ਦੁਕਾਨ ਦੇ ਉਦਘਾਟਨ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਮੌਕੇ ‘ਤੇ ਪਹੁੰਚ ਗਏ ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ।

ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਮਿਲਦੇ ਸਾਰ ਹੀ ਉਸ ਨੇ ਸ੍ਰੀ ਸਾਂਪਲਾ ਨੂੰ ਆਉਣ ਤੋਂ ਰੋਕ ਦਿੱਤਾ ਪਰ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਇਸੇ ਦੌਰਾਨ ਕਿਸਾਨਾਂ ਵੱਲੋਂ ਸਮਾਗਮ ਵਾਲੀ ਥਾਂ ਲੱਗਿਆ ਟੈੱਟ ਪੁੱਟ ਦਿੱਤਾ। ਇਸ ਕਾਰਨ ਕਿਸਾਨ ਤੇ ਭਾਜਪਾ ਆਗੂ ਆਹਮੋ ਸਾਹਮਣੇ ਹੋ ਗਏ। ਪ੍ਰਸ਼ਾਸਨ ਵੱਲੋਂ ਮੌਕੇ ਉੱਤੇ ਦੋਨਾਂ ਧਿਰਾਂ ਨੂੰ ਰੋਕਿਆ ਗਿਆ। ਦੋਨਾਂ ਧਿਰਾਂ ਨਾਲ ਗੱਲਬਾਤ ਕੀਤੀ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਧੱਕਾਮੁੱਕੀ ਵੀ ਹੋਈ।

ਕਿਸਾਨਾਂ ਵੱਲੋਂ ਭਾਜਪਾ ਆਗੂਆਂ ਹੀ ਨਹੀਂ ਸਗੋਂ ਸਮਾਗਮ ‘ਚ ਪੁੱਜੇ ਕਾਂਗਰਸੀ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬ੍ਹੀ ਵਾਲੀਆ, ਸਾਬਕਾ ਕੌਂਸਲਰ ਸਰਬਜੀਤ ਕੌਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੀ ਹਮਾਇਤ ਕਰਨ ਵਾਲੇ ਇਹ ਕਾਂਗਰਸੀ ਤੇ ਅਕਾਲੀ ਸਾਡੇ ਦੁਸ਼ਮਣਾਂ ਨਾਲ ਹੀ ਮਿਲੇ ਹੋਏ ਹਨ ਜਿਨ੍ਹਾਂ ਖ਼ਿਲਾਫ਼ ਆਉਣ ਵਾਲੇ ਸਮੇਂ ‘ਚ ਸਖ਼ਤ ਐਕਸ਼ਨ ਲਿਆ ਜਾ ਸਕਦਾ ਹੈ।

ਚੇਅਰਮੈਨ ਵਿਜੇ ਸਾਂਪਲਾ ਦੇ ਬੇਟੇ ਆਸ਼ੂ ਸਾਂਪਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਇੱਕ ਨਿੱਜੀ ਸਮਾਗਮ ਹੈ ਜਿਸ ਵਿੱਚ ਕੋਈ ਵੀ ਆ ਸਕਦਾ ਹੈ। ਕਿਸਾਨ ਸਵੇਰੇ ਤੋਂ ਹੀ ਬਾਹਰ ਬੈਠੇ ਨਾਅਰੇਬਾਜ਼ੀ ਕਰ ਰਹੇ ਹਨ, ਪਰ ਸਾਡੇ ਵਲੋਂ ਕੁਝ ਵੀ ਨਹੀਂ ਕਿਹਾ ਗਿਆ। ਕੁਝ ਕਿਸਾਨ ਆਗੂਆਂ ਨੇ ਲੱਗੇ ਹੋਏ ਟੈਂਟਾਂ ਨੂੰ ਪਾੜ ਦਿੱਤਾ ਤੇ ਹਥੋਪਾਈ ਕੀਤੀ ਜਿਸ ਵਿੱਚ ਕਈ ਨੌਜਵਾਨਾਂ ਦੇ ਸੱਟਾਂ ਵੀ ਵੱਜੀਆਂ ਹਨ।ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਅਤੇ ਕਿਸਾਨਾਂ ਨੂੰ ਰੋਕਣ ‘ਚ ਪੂਰੀ ਤਰਾਂ ਅਸਫ਼ਲ ਸਾਬਿਤ ਹੋਇਆ ਹੈ। ਮੌਕੇ ‘ਤੇ ਪੁੱਜੇ ਐਸਐਸਪੀ ਹਰਕਮਲਪ੍ਰੀਤ ਖੱਖ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਕੇ ਮਾਮਲਾ ਸ਼ਾਂਤ ਕਰਵਾਇਆ। ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਦੋਵੇ ਧਿਰਾਂ ਨੂੰ ਭਰੋਸਾ ਦਿਵਾਇਆ ਅਤੇ ਧਰਨਾ ਸਮਾਪਤ ਹੋਇਆ।

Spread the love