ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ 80 ਸਾਲਾ ਬਜ਼ੁਰਗ ਲਾਭ ਸਿੰਘ ਚੰਡੀਗੜ੍ਹ ਦੇ ਮਟਕਾ ਚੌਂਕ ‘ਚ ਬੀਤੀ 6 ਫ਼ਰਵਰੀ ਤੋਂ ਧਰਨੇ ‘ਤੇ ਬੈਠੇ ਹੋਏ ਹਨ। ਕਿਸਾਨੀ ਹੱਕਾਂ ਲਈ ਡਟੇ ਬਾਬਾ ਲਾਭ ਸਿੰਘ ਚੌਂਕ ਤੋਂ ਲੰਘਣ ਵਾਲਾ ਹਰੇਕ ਵਿਅਕਤੀ ਸਲਾਮ ਕਰਦਾ ਹੈ। ਹਰ ਕੋਈ ਬਾਬਾ ਲਾਭ ਸਿੰਘ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹਮਾਇਤ ਦੀ ਸ਼ਲਾਘਾ ਕਰ ਰਿਹਾ ਹੈ ਤੇ ਉਨ੍ਹਾਂ ਦੇ ਸਮਰਥਨ ਨੂੰ ਸਿਜਦਾ ਕਰ ਰਿਹਾ ਹੈ।

ਇਸ ਮਗਰੋਂ ਹੁਣ ਗੂਗਲ ਨੇ ਵੀ ਆਪਣੇ ਨਕਸ਼ੇ ਤੇ ਮਟਕਾ ਚੌਂਕ ਦਾ ਨਾਮ ਬਾਬਾ ਲਾਭ ਸਿੰਘ ਚੌਂਕ ਦੱਸਣਾ ਸ਼ੁਰੂ ਕਰ ਦਿੱਤਾ ਹੈ। ਗੂਗਲ ਮੈਪ ‘ਤੇ ਇਸ ਚੌਂਕ ਦਾ ਨਾਮ ਬਾਬਾ ਲਾਭ ਸਿੰਘ ਚੌਂਕ ਦੇਖਿਆ ਜਾ ਰਿਹਾ ਹੈ। ਕਈ ਸਾਈਬਰ ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੱਲੋਂ ਇਸ ਨੂੰ ਗੂਗਲ ਅਤੇ ਵਿਕੀਪੀਡੀਆ ‘ਤੇ ਐਡਿਟ ਵੀ ਕੀਤਾ ਹੋਇਆ ਜਾ ਸਕਦਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

ਮਟਕਾ ਚੌਂਕ ਚੰਡੀਗੜ੍ਹ ਦੇ ਸੈਕਟਰ-17 ‘ਚ ਹੈ। ਜੇ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ‘ਚ ਗੂਗਲ ਮੈਪ ‘ਤੇ ਸੈਕਟਰ-17 ਮਟਕਾ ਚੌਂਕ ਸਰਚ ਕਰੋਗੇ, ਤਾਂ ਤੁਹਾਨੂੰ ਇਸ ਮਸ਼ਹੂਰ ਚੌਂਕ ਦਾ ਨਾਮ ਬਾਬਾ ਲਾਭ ਸਿੰਘ ਚੌਂਕ ਲਿਖਿਆ ਨਜ਼ਰ ਆਵੇਗਾ।

ਕੁਝ ਦਿਨ ਪਹਿਲਾਂ ਜਦੋਂ ਤੇਜ਼ ਮੀਂਹ ਪਿਆ ਸੀ, ਉਦੋਂ ਬਾਬਾ ਲਾਭ ਸਿੰਘ ਇਕੱਲੇ ਚੌਂਕ ‘ਚ ਝੰਡਾ ਲੈ ਕੇ ਬੈਠੇ ਸਨ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਚ ਕਾਫ਼ੀ ਵਾਇਰਲ ਹੋਈ ਸੀ।

ਇੱਥੇ ਇਹ ਵੀ ਦੱਸ ਦੇਈਏ ਕਿ ਪਿਛਲੇ ਦਿਨੀਂ ਬਾਬਾ ਲਾਭ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮਿਲਣ ਪਹੁੰਚੇ ਸੀ। ਇਸ ਦੌਰਾਨ ਉਹਨਾਂ ਨੇ ਬਾਬਾ ਲਾਭ ਸਿੰਘ ਦਾ ਅਸ਼ੀਰਵਾਦ ਲਿਆ ਤੇ ਉਨ੍ਹਾਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ।

ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ, “ਮਟਕਾ ਚੌਕ ‘ਤੇ ਆਪਣਾ ਅੰਦੋਲਨ ਜਾਰੀ ਰੱਖਦੇ ਹੋਏ ਪਿਛਲੇ 5 ਮਹੀਨਿਆਂ ਤੋਂ ਬਾਬਾ ਜੀ ਨੇ ਹਰ ਮੁਸ਼ਕਲ ਦਾ ਖਿੜ੍ਹੇ ਮੱਥੇ ਸਾਹਮਣਾ ਕੀਤਾ ਹੈ। ਸਾਡੇ ਸਾਰਿਆਂ ਲਈ ਉਹ ਇੱਕ ਯਾਦਗਾਰੀ ਸਬਕ ਤੇ ਪ੍ਰੇਰਨਾ ਸਾਬਤ ਹੋਏ ਹਨ। ਬਾਬਾ ਜੀ ਸੱਚੀ ਤੇ ਨਿਰਸੁਆਰਥ ਸੇਵਾ ਦਾ ਸਰੂਪ ਹਨ।”

ਸੁਖਬੀਰ ਬਾਦਲ ਨੇ ਆਪਣੀ ਇਸ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਲਿਖਿਆ ਸੀ – ਬਾਬਾ ਲਾਭ ਸਿੰਘ ਜੀ ਨਾਲ ਮੁਲਾਕਾਤ ਕਰਕੇ ਕਿਸਾਨ ਅੰਦੋਲਨ ਦੀ ਭਾਵਨਾ ਨੂੰ ਸੱਚੀ ਸ਼ਰਧਾਂਜਲੀ ਵਰਗਾ ਮਹਿਸੂਸ ਹੋਇਆ।

ਤੁਹਾਨੂੰ ਦੱਸ ਦੇਈਏ ਕਿ ਬਾਬਾ ਲਾਭ ਸਿੰਘ ਪ੍ਰਦਰਸ਼ਨ ਕਾਰਨ ਚਰਚਾ ਵਿੱਚ ਹੈ। ਅੰਦੋਲਨ ਨਾਲ ਜੁੜੇ ਬਾਬੇ ਦੇ ਖਾਣ ਪੀਣ ਦਾ ਖਿਆਲ ਕਿਸਾਨ ਰੱਖ ਰਹੇ ਹਨ। ਲਾਭ ਸਿੰਘ ਸਾਰਾ ਦਿਨ ਤੰਬੂ ਵਿੱਚ ਰਹਿੰਦੇ ਹਨ। ਪੁਲਿਸ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਕਈ ਮਹੀਨਿਆਂ ਤੋਂ ਇਥੇ ਹੀ ਡਟੇ ਹੋਏ ਹਨ।

Spread the love