ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਆਨਲਾਈਨ ਮੀਟਿੰਗ ਹਰਵਿੰਦਰ ਸਿੰਘ ਬਿਲਗਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਂਝਾ ਅਧਿਆਪਕ ਮੋਰਚ ਵੱਲੋਂ 18 ਜੁਲਾਈ ਦੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਕਾਂਗਰਸੀ ਆਗੂਆਂ ਦੇ ਘਰਾਂ ਅੱਗੇ ਕੀਤੇ ਗਏ ਰੋਸ ਪ੍ਰਦਰਸ਼ਨਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਹੱਲਾ ਬੋਲ ਰੈਲੀ ਵਿੱਚ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ।

ਮੀਟਿੰਗ ਵਿਚ ਸ਼ਾਮਿਲ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਵਿਕਰਮ ਦੇਵ ਸਿੰਘ, ਬਾਜ ਸਿੰਘ ਖਹਿਰਾ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਪੁਆਰੀ, ਸੁਰਿੰਦਰ ਕੰਬੋਜ, ਜਸਵਿੰਦਰ ਸਿੰਘ ਔਲਖ, ਪਰਮਵੀਰ ਸਿੰਘ, ਕੁਲਵਿੰਦਰ ਸਿੰਘ ਬਾਠ, ਗੁਰਜੰਟ ਸਿੰਘ ਵਾਲੀਆ, ਬਿਕਰਮਜੀਤ ਸਿੰਘ ਕੱਦੋਂ, ਸੁਖਜਿੰਦਰ ਸਿੰਘ ਹਰੀਕਾ ਨੇ ਕਿਹਾ ਕਿ ਇਹ ਰੈਲੀ ਮੁੱਖ ਤੌਰ ਤੇ ਮੁਲਾਜ਼ਮ/ ਪੈਨਸ਼ਨਰ ਮਾਰੂ ਛੇਵੇਂ ਪੇਅ ਕਮਿਸ਼ਨ ਖਿਲਾਫ਼, ਹਰ ਤਰ੍ਹਾਂ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ, ਰੋਕਿਆ ਡੀ.ਏ. ਅਤੇ ਬਕਾਇਆ ਜਾਰੀ ਕਰਵਾਉਣ, ਮਾਣ ਭੱਤਾ/ ਇਨਸੈਨਟਿਵ ਮੁਲਾਜਮਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ ਲਈ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅਤੇ ਹੋਰ ਮੁਲਾਜਮ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀ ਜਾ ਰਹੀ ਹੈ।

ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਰਹਿੰਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਅਤੇ ਤਨਖਾਹ ਕਮਿਸ਼ਨ ਉਡੀਕਦੇ ਮੁਲਾਜ਼ਮਾਂ ਦੇ ਰਹਿੰਦੇ ਮਹਿੰਗਾਈ ਭੱਤੇ ਨੂੰ ਦੱਬਦਿਆਂ ਸਰਕਾਰ ਨੇ ਜੋ ਲੰਗੜਾ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਦਿੱਤਾ ਹੈ, ਉਹ ਮੁਲਾਜ਼ਮਾਂ ਦੀਆਂ ਆਸਾਂ ਤੇ ਪਾਣੀ ਫੇਰਨ ਵਾਲ਼ਾ ਹੈ।

ਇਸ ਦੇ ਨਾਲ ਹੀ ਕੱਚੇ ਅਧਿਆਪਕਾਂ/ਨਾਨ ਟੀਚਿੰਗ/ਰੈਗੂਲਰ ਕੰਪਿਊਟਰ ਫੈਕਲਟੀ ਦੀ ਬਿਨਾਂ ਸ਼ਰਤ ਵਿਭਾਗ ‘ਚ ਰੈਗੂਲਰ ਮਰਜਿੰਗ ਨਾ ਕਰਨ, ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਪੁਲਸ ਕੇਸ ਰੱਦ ਨਾ ਕਰਨ, ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਦੇ ਰੈਗੂਲਰ ਪੱਤਰ ਨਾ ਜਾਰੀ ਕਰਨ, ਰਹਿੰਦੀਆਂ ਪ੍ਰਮੋਸ਼ਨਾਂ ਮੁੁਕੰਮਲ ਨਾ ਕਰਨ ਅਤੇ ਸਕੂਲਾਂ ਵਿੱਚ ਖਾਲੀ ਹਜ਼ਾਰਾਂ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਨਾ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਖਿਲਾਫ਼ ਮੁਲਾਜ਼ਮ ਵਰਗ ਵਿੱਚ ਸਖ਼ਤ ਰੋਸ ਹੈ।

ਆਗੂਆਂ ਨੇ ਮੰਗ ਕੀਤੀ ਕਿ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਲਾਗੂ ਕਰਦੇ ਹੋਏ ਸਾਲ 2011 ਦੇ ਲਾਭ ਬਹਾਲ ਰੱਖਦਿਆਂ 2.25 ਜਾਂ 2.59 ਦੀ ਮਾਰੂ ਆਪਸ਼ਨ ਦੀ ਥਾਂ ਇੱਕਸਮਨ ਉੱਚਤਮ ਗੁਣਾਂਕ 3.74 ਦੇਣ, ਪਰਖ ਸਮਾਂ ਐਕਟ ਰੱਦ ਕਰਕੇ ਇਸ ਸਮੇਂ ਵਿੱਚ ਸਲਾਨਾ ਵਾਧੇ ਸਮੇਤ ਪੂਰੀ ਤਨਖਾਹ ਦੇਣ, ਮੋਬਾਇਲ ਭੱਤਾ ਅਤੇ ਮੈਡੀਕਲ ਭੱਤਾ ਦੁੱਗਣਾ ਕਰਨ, ਪੇਂਡੂ ਭੱਤਾ ਅਤੇ ਮਕਾਨ ਕਿਰਾਇਆ ਭੱਤਾ ਦੀਆਂ ਦਰਾਂ ਪਹਿਲਾਂ ਵਾਲੀਆਂ ਰੱਖਣ, 20 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਦੀਆਂ ਮੰਗਾਂ ਪੂਰੀਆਂ ਨਾ ਕਰਨ ਖਿਲਾਫ 29 ਜੁਲਾਈ ਨੂੰ ਪੂਰੇ ਸੂਬੇ ਭਰ ਦੇ ਮੁਲਾਜ਼ਮ ਪਟਿਆਲਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਮੁੱਖ ਮੰਤਰੀ ਦੇ ਚੋਣ ਹਲਕੇ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨਗੇ ਅਤੇ ਵੱਖ-ਵੱਖ ਫੈਡਰੇਸ਼ਨਾਂ ਦੇ ਸੱਦੇ ‘ਤੇ ਕੀਤੀ ਜਾ ਰਹੀ ਇਸ ਰੈਲੀ ਵਿੱਚ ਸਮੁੱਚੇ ਪੰਜਾਬ ਵਿੱਚੋਂ ਹਜ਼ਾਰਾਂ ਅਧਿਆਪਕ ਵੀ ਸ਼ਮੂਲੀਅਤ ਕਰਨਗੇ।

Spread the love