ਅੱਜ ਲੋਕ ਸਭਾ ‘ਚ ਭਾਰੀ ਰੌਲੇ-ਰੱਪੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਭਾਸ਼ਣ ਦਿੱਤਾ।

ਭਾਸ਼ਣ ਦੌਰਾਨ ਤੋਮਰ ਨੇ ਨਾਅਰੇਬਾਜ਼ੀ ਕਰਨ ਵਾਲੇ ਮੈਂਬਰਾਂ ’ਤੇ ਕਿਸਾਨਾਂ ਪ੍ਰਤੀ ਹਮਦਰਦੀ ਨਾ ਰੱਖਣ ਦਾ ਇਲਜ਼ਾਮ ਲਗਾਇਆ ਹੈ । ਤੋਮਰ ਨੇ ਕਿਹਾ ਕਿ ਇਸ ਹੰਗਾਮੇ ਨਾਲ ਜਨਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਬਹੁਤ ਜ਼ਿਆਦਾ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਸਬੰਧੀ ਪ੍ਰਸ਼ਨਾਂ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅੱਜ ਦੇ ਏਜੰਡੇ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਨਾਲ ਜੁੜੇ 15 ਤੋਂ ਵੱਧ ਪ੍ਰਸ਼ਨ ਹਨ। ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਕਰਨ ਵਾਲੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ਜੇ ਉਨ੍ਹਾਂ ਵਿੱਚ ਕਿਸਾਨੀ ਪ੍ਰਤੀ ਕੋਈ ਹਮਦਰਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਜਗ੍ਹਾ ਸ਼ਾਂਤੀ ਨਾਲ ਬੈਠਣਾ ਚਾਹੀਦਾ ਹੈ ਅਤੇ ਸਵਾਲਾਂ ਰਾਹੀਂ ਆਪਣੀ ਗੱਲ ਰੱਖਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਸੁਣਨਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਇਸ ਤਰ੍ਹਾਂ ਦਾ ਹੰਗਾਮਾ ਸਦਨ ਦੇ ਸਨਮਾਨ ਨੂੰ ਸੱਟ ਮਾਰ ਰਿਹਾ ਹੈ ਤੇ ਜਨਤਾ ਦਾ ਨੁਕਸਾਨ ਵੀ ਹੋ ਰਿਹਾ ਹੈ। ਸਭ ਤੋਂ ਵੱਡੀ ਗੱਲ ਕਿਸਾਨਾਂ ਪ੍ਰਤੀ ਵਿਰੋਧੀ ਧਿਰ ਦਾ ਕਿਰਦਾਰ ਵੀ ਨਜ਼ਰ ਆ ਰਿਹਾ ਹੈ।” ਇਸ ਤੋਂ ਬਾਅਦ ਹੰਗਾਮੇ ’ਤੇ ਨਰਾਜ਼ਗੀ ਪ੍ਰਗਟਾਉਂਦੇ ਹੋਏ ਲੋਕ ਸਭਾ ਸਪੀਕਰ ਓਮ ਬਿਰਲ਼ਾ ਨੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਨਾਅਰੇਬਾਜ਼ੀ ਦਾ ਮੁਕਾਬਲਾ ਨਾ ਕਰਨ ਲਈ ਅਪੀਲ ਕੀਤੀ। ਉਹਨਾਂ ਨੇ ਸਖ਼ਤ ਲਹਿਜ਼ੇ ‘ਚ ਕਿਹਾ, ‘ਤੁਸੀਂ ਸਦਨ ‘ਚ ਨਾਅਰੇਬਾਜ਼ੀ ਦਾ ਕੰਪੀਟੀਸ਼ਨ ਨਾ ਕਰੋ, ਤੁਸੀਂ ਜਨਤਾ ਦੀਆਂ ਸਮੱਸਿਆਵਾਂ ਦੱਸਣ ਲਈ ਕੰਪਨੀਟੀਸ਼ਨ ਕਰੋ’।

Spread the love