ਪੰਜਾਬ ‘ਚ ਖੇਤੀ ਕਾਨੂੰਨਾਂ ਕਰਕੇ ਭਾਜਪਾ ਆਗੂਆਂ ਦਾ ਵਿਰੋਧ ਬੇਰੋਕ ਜਾਰੀ ਹੈ।
ਤਾਜ਼ਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਜਪਾ ਆਗੂ ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਸਮੇਤ ਪਾਰਟੀ ਵਰਕਰਾਂ ਦਾ ਨੰਗਲ ਨਾਲ ਲੱਗਦੇ ਪਿੰਡ ਬਿਭੋਰ ਸਾਹਿਬ ਵਿਖੇ ਦੇਰ ਰਾਤ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ ਪਰ ਕਿਸਾਨਾਂ ਨੇ ਜਿਸ ਘਰ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਚੱਲ ਰਹੀ ਸੀ, ਉੱਥੇ ਦੀ ਬਾਹਰਲੀ ਸੜਕ ‘ਤੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਕੇਂਦਰ ਸਰਕਾਰ ਤੇ ਮਦਨ ਮੋਹਨ ਮਿੱਤਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸੂਬੇ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ। ਇਸ ਲਈ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹੈ, ਰਾਜਨੀਤਕ ਪਾਰਟੀਆਂ ਨੇ ਵੀ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ।
ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਲਿਆਂਦੇ ਜਾਣ ਦੇ ਵਿਰੋਧ ਵਿੱਚ ਸੰਯੁਕਤ ਮੋਰਚਾ ਵੱਲੋਂ ਭਾਜਪਾ ਦੇ ਪ੍ਰੋਗਰਾਮ ਤੇ ਮੌਜੂਦਾ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਨੰਗਲ ਪਹੁੰਚੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਹਾਲਾਤ ਦੇ ਮੱਦੇਨਜ਼ਰ ਮਿੱਤਲ ਨੂੰ ਭਾਰੀ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਮਦਨ ਮੋਹਨ ਨੂੰ ਉੱਥੋਂ ਗੱਡੀ ‘ਚ ਬੈਠਾ ਕੇ ਕੱਢਿਆ ਗਿਆ।
ਸਾਬਕਾ ਭਾਜਪਾ ਕੈਬਨਿਟ ਮੰਤਰੀ ਦੀ ਕਾਰ ਦੇ ਪਿੱਛੇ ਵੀ ਕਿਸਾਨ ਨਾਅਰੇ ਲਗਾਉਂਦੇ ਹੋਏ ਭੱਜੇ।ਮਿੱਤਲ ਨੇ ਕਿਸਾਨਾਂ ਦੇ ਵਿਰੋਧ ‘ਤੇ ਕਿਹਾ ਕਿ ਇਹ ਕਿਸਾਨ ਨਹੀਂ, ਆਮ ਆਦਮੀ ਪਾਰਟੀ ਦੇ ਨੇਤਾ ਕਿਸਾਨਾਂ ਦੇ ਭੇਸ ਵਿੱਚ ਹਨ।