ਕਾਂਗਰਸ ਪਾਰਟੀ ਵੱਲੋਂ ਮੌਨਸੂਨ ਇਜਲਾਸ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਪੰਜਾਬ ਦੇ ਕਾਂਗਰਸ ਸੰਸਦ ਮੈਂਬਰ ਸਦਨ ਦੇ ਅੰਦਰ ਅਤੇ ਬਾਹਰ ਲਗਾਾਤਾਰ ਇਸ ਮਸਲੇ ’ਤੇ ਆਵਾਜ਼ ਉਠਾ ਰਹੇ ਹਨ।

ਵੀਰਵਾਰ ਨੂੰ ਵੀ ਕਾਂਗਰਸ ਦੇ ਸੰਸਦ ਮੈਂਬਰ ਹੱਥਾਂ ਵਿੱਚ ਕਿਸਾਨ ਪੱਖੀ ਤਖ਼ਤੀਆਂ ਫ਼ੜੀ ਨਾਅਰੇ ਮਾਰਦੇ ਨਜ਼ਰ ਆਏ।

ਇਨ੍ਹਾਂ ਵਿੱਚ ਪਟਿਆਲਾ ਤੋਂ ਐਮ.ਪੀ. ਸ੍ਰੀਮਤੀ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ, ਅੰਮ੍ਰਿਤਸਰ ਤੋਂ ਸੰਸਦ ਮੈਬਰ ਸ: ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਸੰਸਦ ਮੈਬਰ ਚੌਧਰੀ ਸੰਤੋਖ਼ ਸਿੰਘ, ਫ਼ਤਹਿਗੜ੍ਹ ਸਾਹਿਬ ਤੋਂ ਐਮ.ਪੀ. ਡਾ:ਅਮਰ ਸਿੰਘ ਅਤੇ ਫ਼ਰੀਦਕੋਟ ਤੋਂ ਐਮ.ਪੀ. ਸ੍ਰੀ ਮੁਹੰਮਦ ਸਦੀਕ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਸੰਸਦ ਦੀ ਕਾਰਵਾਈ ਦਾ ਅੱਜ 9 ਵਾਂ ਦਿਨ ਹੈ ਪਰ ਕਾਂਗਰਸ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਖ਼ੇਤੀ ਕਾਨੂੰਨ ਵਾਪਸ ਲਏ ਜਾਣ ਤਕ ਸੰਸਦ ਦੀ ਕਾਰਵਾਈ ਨਾ ਚੱਲਣ ਦੇਣ ਦੀ ਗੱਲ ’ਤੇ ਬਜ਼ਿਦ ਹਨ।

ਯਾਦ ਰਹੇ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਸ:ਰਵਨੀਤ ਸਿੰਘ ਬਿੱਟੂ ਅਤੇ ਸ: ਗੁਰਜੀਤ ਸਿੰਘ ਔਜਲਾ ਨੇ ਲੰਘੇ ਦਿਨੀਂ ਸੰਸਦ ਭਵਨ ਦੇ ਅੰਦਰ ਪਰਚੇ ਸੁੱਟ ਕੇ ਹੰਗਾਮਾ ਕੀਤਾ ਸੀ। ਇਸ ਤੋਂ ਇਕ ਦਿਨ ਪਹਿਲਾਂ ਦੋਵੇਂ ਸੰਸਦ ਮੈਬਰ ਦੇਰ ਰਾਤ ਤਕ ਸੰਸਦ ਭਵਨ ਦੇ ਅੰਦਰ ਫਰਸ਼ ’ਤੇ ਧਰਨਾ ਦਿੰਦੇ ਦਿੱਸੇ ਸਨ।

Spread the love