ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਦੇਸ਼ ਕਾਂਗਰਸ ਨਵਜੋਤ ਸਿੱਧੂ ਨੁੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਸੂਬਾ ਸਰਕਾਰ ਨੂੰ ਦਿੱਤੇ 18 ਨੁਕਾਤੀ ਏਜੰਡੇ ਨੂੰ ਘਟਾ ਕੇ 5 ਨੁਕਾਤੀ ਏਜੰਡੇ ’ਤੇ ਕਿਉਂ ਲੈ ਆਂਦਾ ਹੈ ਤਾਂ ਜੋ ਰੇਤ ਤੇ ਸ਼ਰਾਬ ਮਾਫੀਆ ਨੂੰ ਰਾਹਤ ਦਿੱਤੀ ਜਾ ਸਕੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਦੇ ਜਿਹੜੇ ਮੰਤਰੀਆਂ ਦੇ ਖਿਲਾਫ ਰੇਤ ਤੇ ਸ਼ਰਾਬ ਮਾਫੀਆ ਨਾਲ ਰਲੇ ਹੋਣ ਦੇ ਦੋਸ਼ ਲੱਗਦੇ ਸਨ, ਉਹਨਾਂ ਦੇ ਉਹਨਾਂ ਦੇ ਧੜੇ ਨਾਲ ਆ ਰਲਣ ਤੋਂ ਬਾਅਦ ਸਿੱਧੂ ਨੇ ਇਸ ਮਾਫੀਆ ਖਿਲਾਫ ਆਪਣੀ ਜੰਗ ਖਤਮ ਕਰ ਦਿੱਤੀ। ਉਹਨਾਂ ਹਿਾ ਕਿ ਇਹੀ ਕਾਰਨ ਹੈ ਕਿ ਸਿੱਧੂ ਨੇ ਮੁੱਖ ਮੰਤਰੀ ਨੂੰ ਜੋ ਏਜੰਡਾ ਦਿੱਤਾ, ਉਸ ਵਿਚੋਂ ਇਹ ਮੰਗਾਂ ਗਾਇਬ ਹੋ ਗਈਆਂ।
ਡਾ. ਚੀਮਾ ਨੇ ਕਿਹਾ ਕਿ ਸਿੱਧੂ ਦਾਗੀ ਕਾਂਗਰਸੀ ਵਿਧਾਇਕਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਆਪਣੀ ਜ਼ਮੀਰ ਤਾਂ ਵੇਚ ਸਕਦੇ ਹਨ ਪਰ ਪੰਜਾਬੀ ਉਹਨਾਂ ਵੱਲੋਂ ਮਚਾਈ ਤਬਾਹੀ ਨਹੀਂ ਭੁੱਲ ਸਕਦੇ। ੁਹਨਾਂ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਜ਼ਹਿਰੀਲੀ ਸ਼ਰਾਬ ਦੇ ਹਾਦਸੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਵਾਪਰੇ ਹਨ। ਉਹਨਾਂ ਕਿਹਾ ਕਿ ਮਾਝਾ ਇਲਾਕੇ ਵਿਚ ਵਾਪਰੇ ਸਭ ਤੋਂ ਵੱਡੇ ਦੁਖਾਂਤ ਵਿਚ 130 ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਹਨ।
ਕਾਂਗਰਸੀ ਵਿਧਾਇਕਾਂ ਤੇ ਆਗੂਆਂ ਵੱਲੋਂ ਵੰਡੀ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਦੇ ਪੀੜਤਾਂ ਲਈ ਨਿਆਂ ਜੋ ਕਿ ਨਵਜੋਤ ਸਿੱਧੂ ਸ਼ਾਇਦ ਭੁੱਲ ਗਏ ਹਨ ਕਿ ਘਨੌਰ ਤੇ ਖੰਨਾ ਵਿਚ ਗੈਰ ਕਾਨੂੰਨੀ ਡਿਸਟੀਲਰੀਆਂ ਪਿੱਛੇ ਕਾਂਗਰਸੀ ਵਿਧਾਇਕ ਹੀ ਸ਼ਾਮਲ ਸਨ, ਦੀ ਮੰਗ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਕਿਉਂਕਿ ਇਹ ਕਾਂਗਰਸੀ ਵਿਧਾਇਕ ਹੁਣ ਸਿੱਧੂ ਨਾਲ ਆ ਰਲੇ ਹਨ, ਇਸੇ ਲਈ ਸਿੱਧੂ ਹੁਣ ਮਾਮਲੇ ਵਿਚ ਚੁੱਪ ਵੱਟੀ ਬੈਠੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹੁਣ ਉਹ ਕੇਸ ਦਰ ਕੇਸ ਦੇ ਆਧਾਰ ’ਤੇ ਫੈਸਲੇ ਲੈ ਰਹੇ ਹਨ ਕਿਉਂਕਿ ਉਹਨਾਂ ਦੇ ਹਮਾਇਤੀਆਂ ਵਿਚ ਉਹ ਵਿਧਾਇਕ ਵੀ ਸ਼ਾਮਲ ਹਨ ਜਿਹਨਾ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਦੀ ਗੈਰ ਕਾਨੂੰਨੀ ਵਰਤੋਂ ਕਰ ਕੇ ਆਪਣਾ ਸਟੋਨ ਕ੍ਰਿਸ਼ਰ ਲਗਾਇਅ ਤੇ ਇਸੇ ਲਈ ਹੁਣ ਇਹ ਲੋਕ ਉਹਨਾਂ ਦੇ ਨਿਸ਼ਾਨੇ ’ਤੇ ਨਹੀਂ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਧੂ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਮਗਰੋਂ ਸਾਰੇ ਗੁਨਾਹ ਤੇ ਪਾਪ ਮੁਆਫ ਹੋ ਗਏ ਹਨ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਤੇ ਆਪਣੀ ਸਹੂਲਤ ਵਾਸਤੇ ਵੱਖੋ ਵੱਖ ਪੈਮਾਨੇ ਅਪਣਾ ਲਏ ਹਨ। ਉਹਨਾਂ ਕਿਹਾ ਕਿ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਇਸ ਰੁਝਾਨ ਦਾ ਸ਼ਿਕਾਰ ਹੋ ਗਏ ਹਨ। ਉਹਨਾਂ ਕਿਹਾ ਕਿ ਜਾਖੜ ਮਹਿਸੂਸ ਕਰ ਰਹੇ ਹਨ ਕਿ ਇਕ ਕੈਬਨਿਟ ਮੰਤਰੀ ਨੇ ਇਕੋ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਲੈ ਕੇ ਗਲਤ ਕੀਤਾ ਹੈ ਜਦਕਿ ਉਹ ਮੰਤਰੀ ਮੰਡਲ ਦੇ ਉਹਨਾਂ ਵਜ਼ੀਰਾਂ ਬਾਰੇ ਕੁਝ ਨਹੀਂ ਬੋਲ ਰਹੇ ਜੋ ਹੋਰ ਘੁਟਾਲਿਆਂ ਵਿਚ ਉਲਝੇ ਹਨ ਭਾਵੇਂ ਉਹ ਐਸ ਸੀ ਸਕਾਲਰਸ਼ਿਪ ਘੁਟਾਲਾ ਹੋਵੇ ਜਾਂ ਫਿਰ ਨਸ਼ਾ ਛੁਡਾਊ ਗੋਲੀਆਂ ਦਾ ਘੁਟਾਲਾ।
ਅਕਾਲੀ ਆਗੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਾਰੇ ਇਕ ਪਾਸੜ ਪਹੁੰਚ ਨਾਲ ਲੋਕ ਮੂਰਖ ਨਹੀਂ ਬਣਨ ਵਾਲੇ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਅੱਜ ਪੰਜਾਬ ਵਿਚ ਸਾਰੀ ਕਾਂਗਰਸ ਪਾਰਟੀ ਹੀ ਭ੍ਰਿਸ਼ਟਾਚਾਰ ਵਿਚ ਡੁੱਬੀ ਹੋਈ ਹੈ ਤੇ ਕਾਂਗਰਸ ਹਾਈ ਕਮਾਂਡ ਇਸ ਗੱਲ ਤੋਂ ਜਾਣੂ ਹੈ। ਉਹਨਾਂ ਕਿਹਾ ਕਿ ਇਸੇ ਵਾਸਤੇ ਪਾਰਟੀ ਦੀ ਸੂਬੇ ਵਿਚ ਸਰਕਾਰ ਦੇ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਵਾਸਤੇ ਕਰਨ ਵਾਸਤੇ ਪਾਰਟੀਨੇ ਨਵਜੋਤ ਸਿੱਧੂ ਨੁੰ ਪ੍ਰਧਾਨ ਬਣਾਇਆ ਹੈ ਕਿਉਂਕਿ ਭ੍ਰਿਸ਼ਟਾਚਾਰ ਤੋਂ ਇਲਾਵਾ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਵੀ ਨਾਕਾਮ ਰਹੀ ਹੈ।
ਡਾ. ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਇਕ ਤੈਅ ਫਾਰਮੂਲੇ ਤਹਿਤ ਕੰਮ ਕਰ ਰਹੇ ਹਨ ਤੇ ਇਸੇ ਲਈ ਉਹਨਾਂ ਨੇ ਪੂਰਨ ਕਰਜ਼ਾ ਮੁਆਫੀ, ਘਰ ਘਰ ਨੌਕਰੀ ਤੇ ਨਸ਼ਾ ਮੁਕਤ ਪੰਜਾਬ ਸਮੇਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਦੀ ਸੂਚੀ ਨਹੀਂ ਮੰਗੀ।ਉਹਨਾਂ ਕਿਹਾ ਕਿ ਸਿੱਧੂ ਅਜਿਹਾ ਇਸ ਕਰ ਕੇ ਨਹੀਂ ਕਰ ਰਹੇ ਕਿਉਂਕਿ ਉਹਨਾਂ ਦੀ ਲੋਕਾਂ ਨਾਲ ਕੀਤੇ ਪੂਰੇ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਵਾਂਗ ਪ੍ਰਦੇਸ਼ ਕਾਂਗਰਸ ਪ੍ਰਧਾਨ ਹੁੰਦਿਆਂ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਵਿਚ ਦਿਲਚਸਪੀ ਰੱਖਦੇ ਹਨ ਪਰ ਹੁਣ ਪੰਜਾਬ ਫਿਰ ਤੋਂ ਮੂਰਖ ਨਹੀਂ ਬਣਾਏ ਜਾ ਸਕਦੇ।