ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਹਟਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਇੱਕ ਵਫ਼ਦ ਅਗਲੇ ਹਫ਼ਤੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਇਹ ਜਾਣਕਾਰੀ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ।

ਆਪ ਵਿਧਾਇਕਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਘੇਰਦਿਆਂ ਪੁੱਛਿਆ ਸਿੱਧੂ ਸਪੱਸ਼ਟ ਕਰਨ ਉਹ ਪੰਜਾਬ ਅਤੇ ਦਲਿਤ ਪਰਿਵਾਰਾਂ ਦੇ ਬੱਚਿਆਂ ਨਾਲ ਹਨ ਜਾਂ ਫਿਰ ਭ੍ਰਿਸ਼ਟ ਮੰਤਰੀਆਂ ਨਾਲ ਖੜੇ ਹਨ? ਜੇਕਰ ਸਿੱਧੂ ਨੂੰ ਪੰਜਾਬ ਦਾ ਦਰਦ ਹੈ ਤਾਂ ਇਨ੍ਹਾਂ ਦਾਗੀ ਮੰਤਰੀਆਂ ਵਿਰੁੱਧ ਮੋਰਚਾ ਕਿਉਂ ਨਹੀਂ ਖੋਲ ਰਹੇ?

ਸੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੰਧਵਾਂ ਅਤੇ ਮੀਤ ਹੇਅਰ ਨੇ ਦੱਸਿਆ ਕਿ ‘ਆਪ’ ਦੇ ਵਿਧਾਇਕਾਂ ਦਾ ਇੱਕ ਵਫ਼ਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਮੰਗ ਕਰੇਗਾ ਕਿ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਵੱਖ ਵੱਖ ਦੋਸ਼ਾਂ ਵਿੱਚ ਘਿਰੇ ਮੰਤਰੀਆਂ ਰਾਣਾ ਗੁਰਮੀਤ ਸਿੰਘ ਸੋਢੀ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਪੰਜਾਬ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।

ਉਨਾਂ ਦੱਸਿਆ ਕਿ ਜੇ ਇਨਾਂ ਮੰਤਰੀਆਂ ਖ਼ਿਲਾਫ਼ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਮ ਆਦਮੀ ਪਾਰਟੀ ਇਨਾਂ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰੇਗੀ।

ਕਾਂਗਰਸੀ ਮੰਤਰੀਆਂ ਦੇ ਘੁਟਾਲਿਆਂ ਨੂੰ ਉਜਾਗਰ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਅਤੇ ਮੀਤ ਹੇਅਰ ਨੇ ਕਿਹਾ ਕਿ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਉਤੇ ਫਿਰੋਜ਼ਪੁਰ- ਫ਼ਾਜ਼ਿਲਕਾ ਮਾਰਗ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਅਕਵਾਇਰ ਹੋਈ ਜਮੀਨ ਦਾ 2 ਵਾਰ ਮੁਆਵਜ਼ਾ ਲੈਣ ਦੇ ਗੰਭੀਰ ਦੋਸ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਨਵਜੋਤ ਸਿੱਧੂ ਵੀ ਰਾਣਾ ਸੋਢੀ ਦਾ ਹੀ ਬਚਾਅ ਕਰ ਰਹੇ ਹਨ। ਜਦਕਿ ਰਾਣਾ ਸੋਢੀ ਦੇ ਖ਼ਿਲਾਫ਼ ਤਾਂ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਾਂਗਰਸ ਸੁਪਰੀਮੋਂ ਸੋਨੀਆਂ ਗਾਂਧੀ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਉਨਾਂ ਰਾਣਾ ਸੋਢੀ ਨੂੰ ਭੂ ਮਾਫ਼ੀਆ ਦੱਸ ਕੇ ‘ਆਪ’ ਵੱਲੋਂ ਲਾਏ ਜਾਂਦੇ ਦੋਸ਼ਾਂ ਦੀ ਪ੍ਰੋੜਤਾ ਵੀ ਕੀਤੀ ਹੈ।

‘ਆਪ’ ਵਿਧਾਇਕਾਂ ਨੇ ਦੱਸਿਆ ਕਿ ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਜਿਥੇ ਜੇਸੀਟੀ ਇਲੈਕਟ੍ਰਾਨਿਕ ਮੋਹਾਲੀ ਦੀ ਅਰਬਾਂ ਰੁਪਏ ਦੀ ਜ਼ਮੀਨ ਵੇਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਉਥੇ ਹੀ ਵਿਜੀਲੈਂਸ ਬਿਊਰੋਂ ਵੱਲੋਂ ਫੜੇ ਗਏ ਸਾਬਕਾ ਨਾਇਬ ਤਹਿਸੀਲਦਾਰ ਵਰਿੰਦਰ ਸਿੰਘ ਧੂਤ ਨਾਲ ਸਾਂਝੇ ਦੋ ਨੰਬਰੀ ਕਾਰੋਬਾਰ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ। ਉਨਾਂ ਕਿਹਾ ਕਿ ‘ਆਪ’ ਕੋਲ ਮੰਤਰੀ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਕਾਫ਼ੀ ਸਬੂਤ ਹਨ, ਜਿਨਾਂ ਨੂੰ ਰਾਜਪਾਲ ਅਤੇ ਮੀਡੀਆ ਅੱਗੇ ਰੱਖਿਆ ਜਾਵੇਗਾ।

ਵਿਧਾਇਕ ਮੀਤ ਹੇਅਰ ਕਿਹਾ ਕਿ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ‘ਚ ਅਰਬਾਂ ਰੁਪਇਆ ਦਾ ਘੁਟਾਲਾ ਕਰਨ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਬਾਰੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੀ ਕਾਂਗਰਸ ਲੀਡਰਸ਼ਿਪ ਅੱਖਾਂ ਬੰਦ ਕਰਕੇ ਬੈਠੀ ਹੈ, ਜਿਸ ਨੇ ਸੂਬੇ ਦੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਕੇ ਰੱਖ ਦਿੱਤਾ ਹੈ।

Spread the love