ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲ਼ੇ ਵਾਸਤੇ ਰਜਿਸਟਰੇਸ਼ਨ ਦੀ ਆਖਰੀ ਤਾਰੀਖ਼ 14 ਅਗਸਤ ,2021 ਤੱਕ ਵਧਾ ਦਿੱਤੀ ਹੈ ਤਾਂ ਜੋ ਵਿਦਿਆਰਥੀ ਇਹਨਾਂ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਦਾਖ਼ਲਾ ਲੈਣ ਦਾ ਮੌਕਾ ਪ੍ਰਾਪਤ ਕਰ ਸਕਣ।

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਦਾ ਸੁਸਾਇਟੀ ਫਾਰ ਕੁਆਲਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਰਸ ਸਟੂਡੈਂਟਸ ਪੰਜਾਬ ਵੱਲੋਂ ਸੂਬੇ ਭਰ ਵਿੱਚ ਗ਼ਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ 10 ਮੈਰੀਟੋਰੀਅਰਸ ਸਕੂਲ ਚਲਾਏ ਜਾ ਰਹੇ ਹਨ। ਇਹ ਸਕੂਲ ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਮੋਹਾਲੀ, ਗੁਰਦਾਸਪੁਰ ਅਤੇ ਤਲਵਾੜਾ ਵਿਖੇ ਮੌਜੂਦ ਹਨ।

ਤਲਵਾੜਾ ਸਕੂਲ ਵਿਖੇ 9ਵੀਂ ਤੋਂ 12ਵੀਂ ਤੱਕ ਪੜਾਈ ਹੁੰਦੀ ਹੈ ਜਦਕਿ ਬਾਕੀ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਦੀ ਪੜਾਈ ਹੁੰਦੀ ਹੈ। ਇਨਾਂ ਸਕੂਲਾਂ ਵਿੱਚ ਸਾਇੰਸ ਲੈਬ, ਰਿਹਾਇਸ਼ੀ ਸਟਾਫ ਕੁਆਰਟਰਾਂ, ਲੜਕੀਆਂ ਤੇ ਲੜਕਿਆਂ ਦੇ ਵੱਖਰੇ ਹੋਸਟਲ ਅਤੇ ਖੁੱਲੇ ਖੇਡ ਮੈਦਾਨਾਂ ਦੀਆਂ ਸਹੂਲਤਾਂ ਹਨ।

ਇਹ ਸਕੂਲ ਸ਼ਾਨਦਾਰ ਮੈੱਸ, ਸਮਾਰਟ ਕਲਾਸਰੂਮਾਂ ਅਤੇ ਬਹੁ-ਗਿਣਤੀ ਕਿਤਾਬਾਂ ਵਾਲੀਆਂ ਲਾਇਬ੍ਰੇਰੀਆਂ ਆਦਿ ਨਾਲ ਲੈਸ ਹਨ। ਇਨਾਂ ਦਾ ਉਦੇਸ਼ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਅਤੇ ਭਵਿੱਖ ਵਾਸਤੇ ਉਹਨਾਂ ਨੂੰ ਤਿਆਰ ਕਰਨਾ ਹੈ।

ਬੁਲਾਰੇ ਅਨੁਸਾਰ ਇਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀ ਅਤੇ ਰਹਿਣ-ਸਹਿਣ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਮੁਕਾਬਲੇ ਵਾਲੇ ਇਮਤਿਹਾਨਾਂ ਲਈ ਫੀਸ ਵੀ ਸੁਸਾਇਟੀ ਵਲੋਂ ਅਦਾ ਕੀਤੀ ਜਾਂਦੀ ਹੈ । ਸਕੂਲਾਂ ਵਿੱਚ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਾਉਣ ਲਈ ਪੂਰੇ ਕੈਂਪਸ ਵਿੱਚ ਢੁਕਵੀਂ ਸੁਰੱਖਿਆ ਤਾਇਨਾਤ ਕੀਤੀ ਗਈ ਹੈ।

ਨਿਯਮਿਤ ਪੜਾਈ ਤੋਂ ਇਲਾਵਾ ਇਨਾਂ ਸਕੂਲਾਂ ਵਿੱਚ ਜੇ.ਈ.ਈ., ਐਨ.ਈ.ਈ.ਟੀ., ਜੀ.ਐਲ.ਏ.ਟੀ.ਆਰ. ਆਦਿ ਦੇ ਮੁਕਾਬਲੇ ਵਾਲੇ ਇਮਤਿਹਾਨਾਂ ਵਾਸਤੇ ਵਿਦਿਆਰਥੀਆਂ ਨੂੰ ਤਿਆਰੀ ਵੀ ਕਰਵਾਈ ਜਾਂਦੀ ਹੈ। ਹੁਣ ਇਨਾਂ ਸਕੂਲਾਂ ਵਿੱਚ ਐਨ.ਡੀ.ਏ. ’ਚ ਜਾਣ ਵਾਲੇ ਖਾਹਸ਼ਮੰਦ ਵਿਦਿਆਰਥੀਆਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ।

Spread the love