ਅੱਜ ਤੋਂ ਪੰਜਾਬ ਭਰ ਵਿੱਚ ਸਕੂਲ ਖੋਲ੍ਹ ਦਿੱਤੇ ਗਏ ਹਨ।

ਕਾਫ਼ੀ ਲੰਮੇ ਸਮੇਂ ਤੋਂ ਬਾਅਦ ਸਕੂਲਾਂ ਵਿੱਚ ਰੌਣਕਾਂ ਪਰਤੀਆਂ ਆਈਆਂ ਹਨ। ਮੁੜ ਸਕੂਲ ਆਉਣ ‘ਤੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੂਬ ਖੁਸ਼ੀ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਅਧਿਆਪਕਾਂ ਦੇ ਚਿਹਰੇ ਵੀ ਖਿੜੇ ਹੋਏ ਸਨ।

ਉਥੇ ਹੀ ਪਹਿਲਾ ਦਿਨ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਦੀ ਹਾਜ਼ਰੀ ਚੰਗੀ ਰਹੀ ਹੈ। ਸਕੂਲ ਖੋਲ੍ਹਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਰੋਨਾ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ। ਕਲਾਸਾਂ ਵਿੱਚ ਬੈਠਦਿਆਂ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਸਕੂਲ ਕੈਂਪਸ ਵਿੱਚ ਬੱਚਿਆਂ ਲਈ ਸੈਨੀਟਾਈਜ਼ਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ।ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀਆਂ ਇਹ ਵੀ ਯਕੀਨੀ ਬਣਾਉਣਗੀਆਂ ਕਿ ਬੱਚੇ ਸਕੂਲ ਦੇ ਕੈਂਪਸ ਵਿੱਚ ਮਾਸਕ ਤੋਂ ਬਿਨਾਂ ਨਾ ਅੰਦਰ ਬਾਹਰ ਜਾਣ।

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕਰੋਨਾ ਮਾਮਲਿਆਂ ਵਿੱਚ ਮੁੜ ਵਾਧਾ ਹੋਣ ਲੱਗਾ ਹੈ। ਵਿਗਿਆਨੀ ਤੀਜੀ ਲਹਿਰ ਦਾ ਖਤਰਾ ਦੱਸ ਰਹੇ ਹਨ। ਇਸ ਦੇ ਬਾਵਜੂਦ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਣੇ ਕਈ ਸੂਬਿਆਂ ਵਿੱਚ ਸਕੂਲ ਖੋਲ੍ਹ ਦਿੱਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਬੱਚਿਆਂ ਨੂੰ ਅਜੇ ਵੈਕਸੀਨ ਵੀ ਨਹੀਂ ਲਗਾਈ ਗਈ। ਕੋਵਿਡ ਪ੍ਰੋਟੋਕੋਲ ਮੁਤਾਬਕ ਅਧਿਆਪਕਾਂ ਨੂੰ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ ਪਰ ਬੱਚਿਆਂ ਲਈ ਇਹ ਸ਼ਰਤ ਨਹੀਂ।

ਦੱਸ ਦਈਏ ਕਿ ਪਿਛਲੇ ਸਮੇਂ ਵਿੱਚ ਕਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਸੀ। ਇਸ ਕਰਕੇ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਜਾ ਰਹੀ ਹੈ। ਇਸੇ ਲਈ ਸਾਰੇ ਸੂਬਿਆਂ ਵਿੱਚ ਸਕੂਲ ਮੁੜ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਕੁਝ ਦਿਨਾਂ ਤੋਂ ਕਰੋਨਾ ਦਾ ਗ੍ਰਾਫ ਮੁੜ ਚੜ੍ਹਨ ਲੱਗਾ ਹੈ ਪਰ ਕਈ ਸੂਬਿਆਂ ਵਿੱਚ ਹਾਲਾਤ ਕਾਫ਼ੀ ਸੁਧਰ ਗਏ ਹਨ।

Spread the love